ਕੇਰਲ ਤੋਂ ਲੈ ਕੇ ਜਲੰਧਰ ਤੱਕ ਚੱਲ ਰਹੇ ਰੋਸ ਮੁਜ਼ਾਹਰਿਆਂ ਨੂੰ ਧਿਆਨ `ਚ ਰੱਖਦਿਆਂ ਕੇਰਲ ਪੁਲਿਸ ਨੇ ਬਲਾਤਕਾਰ ਮਾਮਲੇ `ਚ ਫਸੇ ਬਿਸ਼ਪ ਫ਼ਰੈਂਕੋ ਮੁਲੱਕਲ ਨੂੰ ਆਉਂਦੀ 19 ਸਤੰਬਰ ਨੂੰ ਜਾਂਚ ਟੀਮ ਸਾਹਮਣੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ। ਇਹ ਜਾਣਕਾਰੀ ਆਈਜੀਪੀ ਵਿਜੇ ਸਖਾਰੇ ਨੇ ਦਿੱਤੀ।
ਜਲੰਧਰ ਰੋਮਨ ਕੈਥੋਲਿਕ ਡਾਇਓਸੀਜ਼ ਦੇ ਬਿਸ਼ਪ ਨੂੰ ਪੁੱਛ-ਪੜਤਾਲ ਲਈ ਕੇਰਲ `ਚ ਸੱਦਣ ਦਾ ਫ਼ੈਸਲਾ ਏਰਨਾਕੁਲਮ ਰੇਂਜ ਦੇ ਆਈਜੀ ਪੁਲਿਸ ਵਿਜੇ ਸਖਾਰੇ ਦੀ ਪ੍ਰਧਾਨਗੀ ਹੇਠ ਹੋਈ ਇੱਕ ਮੀਟਿੰਗ ਦੌਰਾਨ ਲਿਆ ਗਿਆ; ਜਿਸ ਵਿੱਚ ਕੋਟਾਯਮ ਦੇ ਡੀਐੱਸਪੀ ਹਰੀਸ਼ੰਕਰ ਅਤੇ ਵਾਇਕੌਮ ਦੇ ਡੀਐੱਸਪੀ ਕੇ. ਸੁਭਾਸ਼ ਵੀ ਮੌਜੂਦ ਸਨ। ਦਰਅਸਲ, ਹੁਣ ਬਿਸ਼ਪ ਫ਼ਰੈਂਕੋ ਮੁਲੱਕਲ ਵਿਰੁੱਧ ਕਾਰਵਾਈ ਲਈ ਪੁਲਿਸ `ਤੇ ਦਬਾਅ ਵਧਦਾ ਜਾ ਰਿਹਾ ਹੈ।
ਉੱਧਰ ਨਨਜ਼ (ਮਸੀਹੀ ਸਾਧਵੀਆਂ) ਵੱਲੋਂ ਵੀ ਬਿਸ਼ਪ ਫ਼ਰੈਂਕੋ ਮੁਲੱਕਲ ਵਿਰੁੱਧ ਰੋਜ਼ਾਨਾ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਅੱਜ ਜਲੰਧਰ ਬਿਸ਼ਪ ਹਾਊਸ ਸਾਹਮਣੇ ਵੀ ਜਨਵਾਦੀ ਇਸਤ੍ਰੀ ਸਭਾ ਦੀਆਂ ਮਹਿਲਾ ਕਾਰਕੁੰਨਾਂ ਨੇ ਵੱਡੇ ਪੱਧਰ `ਤੇ ਰੋਸ ਮੁਜ਼ਾਹਰਾ ਕੀਤਾ।