ਜਲੰਧਰ ਦੇ ਸਾਬਕਾ ਬਿਸ਼ਪ ਫ਼ਰੈਂਕੋ ਮੁਲੱਕਲ ਨੂੰ ਕੇਰਲ ਦੀ ਇੱਕ ਅਦਾਲਤ ਨੇ ਅੱਜ 14 ਹੋਰ ਦਿਨਾਂ ਲਈ ਨਿਆਂਇਕ ਹਿਰਾਸਤ `ਚ ਭੇਜ ਦਿੱਤਾ ਹੈ। ਇੱਕ ਨਨ ਨਾਲ ਬਲਾਤਕਾਰ ਦੇ ਮਾਮਲੇ `ਚ ਫਸੇ ਫ਼ਰੈਂਕੋ ਮੁਲੱਕਲ ਦੀ ਜ਼ਮਾਨਤ ਅਰਜ਼ੀ ਅਦਾਲਤ ਪਹਿਲਾਂ ਹੀ ਰੱਦ ਕਰ ਚੁੱਕੀ ਹੈ।
ਕੋਟਾਇਮ ਜਿ਼ਲ੍ਹੇ ਦੀ ਪਾਲਾ ਅਦਾਲਤ ਦੇ ਮੈਜਿਸਟ੍ਰੇਟ ਨੇ ਅੱਜ ਜਲੰਧਰ ਦੇ ਸਾਬਕਾ ਬਿਸ਼ਪ ਨੂੰ ਆਉਂਦੀ 20 ਅਕਤੂਬਰ ਤੱਕ ਨਿਆਂਇਕ ਹਿਰਾਸਤ `ਚ ਭੇਜ ਦਿੱਤਾ।
54 ਸਾਲਾ ਫ਼ਰੈਂਕੋ ਨੂੰ ਅੱਜ ਪੁਲਿਸ ਨੇ ਅਦਾਲਤ `ਚ ਪੇਸ਼ ਕੀਤਾ ਸੀ ਕਿਉਂਕਿ ਅੱਜ ਦੇਰ ਰਾਤੀਂ 12 ਵਜੇ ਤੱਕ ਦਾ ਹੀ ਅਦਾਲਤੀ ਰਿਮਾਂਡ ਪਹਿਲਾਂ ਮਿਲਿਆ ਹੋਇਆ ਸੀ।
ਸੂਤਰਾਂ ਨੇ ਦੱਸਿਆ ਕਿ ਸਾਬਕਾ ਬਿਸ਼ਪ ਦੇ ਵਕੀਲ ਹੁਣ ਇੱਕ ਵਾਰ ਫਿਰ ਕੇਰਲ ਹਾਈ ਕੋਰਟ ਜਾਣ ਦੀ ਯੋਜਨਾ ਬਣਾ ਰਹੇ ਹਨ। ਬੀਤੀ 3 ਅਕਤੂਬਰ ਨੂੰ ਅਦਾਲਤ ਨੇ ਫ਼ਰੈਂਕੋ ਮੁਲੱਕਲ ਦੀ ਜ਼ਮਾਨਤ ਅਰਜ਼ੀ ਰੱਦ ਕਰਦਿਆਂ ਆਖਿਆ ਸੀ ਕਿ ਜੇ ਮੁਲਜ਼ਮ ਨੂੰ ਰਿਹਾਅ ਕੀਤਾ ਜਾਵੇਗਾ, ਤਾਂ ਉਹ ਗਵਾਹਾਂ `ਤੇ ਆਪਣਾ ਦਬਾਅ ਬਣਾ ਸਕਦਾ ਹੈ, ਇਸ ਲਈ ਹਾਲੇ ਰਿਹਾਈ ਸੰਭਵ ਨਹੀਂ ਹੈ।
ਫ਼ਰੈਂਕੋ ਮੁਲੱਕਲ ਨੂੰ ਇਸ ਵੇਲੇ ਪਾਲਾ ਜੇਲ੍ਹ `ਚ ਰੱਖਿਆ ਗਿਆ ਹੈ।
ਬੀਤੇ ਜੂਨ ਮਹੀਨੇ ਇੱਕ ਨਨ ਨੇ ਕੋਟਾਇਮ ਪੁਲਿਸ ਕੋਲ ਸਿ਼ਕਾਇਤ ਦਰਜ ਕਰਵਾਈ ਸੀ ਕਿ ਮਈ 2014 ਦੌਰਾਨ ਬਿਸ਼ਪ ਫ਼ਰੈਂਕੋ ਮੁਲੱਕਲ ਨੇ ਕੁਰਾਵੀਲੰਗਦ ਗੈਸਟ ਹਾਊਸ `ਚ ਉਸ ਨਾਲ ਕਥਿਤ ਤੌਰ `ਤੇ ਬਲਾਤਕਾਰ ਕੀਤਾ ਸੀ ਤੇ ਬਾਅਦ ਦੋ ਸਾਲਾਂ ਤੱਕ ਕਈ ਵਾਰ ਉਸ ਨਾਲ ਅਜਿਹਾ ਕੀਤਾ ਗਿਆ।
ਉਂਝ ਫ਼ਰੈਂਕੋ ਮੁਲੱਕਲ ਨੇ ਆਪਣੇ `ਤੇ ਲੱਗੇ ਸਾਰੇ ਦੋਸ਼ਾਂ ਤੋਂ ਸਾਫ਼ ਇਨਕਾਰ ਕੀਤਾ ਹੈ।