ਅੰਮ੍ਰਿਤਸਰ ਤੋਂ ਟਾਟਾ ਨਗਰ (ਝਾਰਖੰਡ) ਜਾਣ ਵਾਲੀ ਡਾਊਨ 18104 ਟਾਟਾ–ਅੰਮ੍ਰਿਤਸਰ ਜੱਲ੍ਹਿਆਂਵਾਲਾ ਬਾਗ਼ ਐਕਸਪ੍ਰੈੱਸ ਰੇਲ–ਗੱਡੀ ਸਨਿੱਚਰਵਾਰ ਨੂੰ ਸਵੇਰੇ ਫ਼ੈਜ਼ਾਬਾਦ–ਲਖਨਊ ਰੇਲ ਰੂਟ ਉੱਤੇ ਸਲਾਰਪੁਰ ਸਟੇਸ਼ਨ ਲਾਗੇ ਗੇਟ ਨੰਬਰ 127 ਸੀ ਉੱਤੇ ਇੱਕ ਟਰੇਕਟਰ–ਟਰਾਲੀ ਨਾਲ ਟਕਰਾ ਗਈ।
ਇਸ ਨਾਲ ਟਰੈਕਟਰ–ਟਰਾਲੀ ਦੇ ਪਰਖੱਚੇ ਉੱਡ ਗਏ। ਜਿਸ ਵੇਲੇ ਟ੍ਰੈਕਟਰ–ਟਰਾਲੀ ਰੇਲਵੇ ਕ੍ਰਾਸਿੰਗ ਪਾਰ ਕਰ ਰਹੀ ਸੀ, ਉਦੋਂ ਗੇਟ ਖੁੱਲ੍ਹਾ ਸੀ। ਗੇਟ ਮੈਨ ਨੇ ਗੇਟ ਬੰਦ ਨਹੀਂ ਕੀਤਾ ਸੀ।
ਸਟੇਸ਼ਨ ਮਾਸਟਰ ਮੁੰਨੀਲਾਲ ਦਾ ਕਹਿਣਾ ਹੈ ਕਿ ਗੇਟਮੈਨ ਨੇ ਉਨ੍ਹਾਂ ਤੋਂ ਗੇਟ ਬੰਦ ਕਰਨ ਦੀ ਇਜਾਜ਼ਤ ਨਹੀਂ ਲਈ ਸੀ। ਇਸੇ ਲਈ ਇਹ ਹਾਦਸਾ ਵਾਪਰਿਆ।
ਟਰੈਕਟਰ–ਟਰਾਲੀ ਦੇ ਡਰਾਇਵਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਤੇ ਇਸ ਵੇਲੇ ਉਹ ਹਸਪਤਾਲ ’ਚ ਜ਼ੇਰੇ ਇਲਾਜ ਹੈ। ਇਹ ਘਟਨਾ ਸਵੇਰੇ 8:20 ਵਜੇ ਦੀ ਹੈ। ਇਸ ਹਾਦਸੇ ਕਾਰਨ ਕਾਫ਼ੀ ਸਮੇਂ ਤੱਕ ਰੇਲ ਪਟੜੀ ਉੱਤੇ ਆਵਾਜਾਈ ਰੁਕੀ ਰਹੀ। ਫ਼ੈਜ਼ਾਬਾਦ ਰੇਲ ਡਿਵੀਜ਼ਨ ’ਤੇ ਇੱਕ ਹਫ਼ਤੇ ਵਿੱਚ ਇਹ ਦੂਜੀ ਵਾਰ ਹੈ, ਜਦੋਂ ਗੇਟਮੈਨ ਦੀ ਗ਼ਲਤੀ ਨਾਲ ਕੋਈ ਹਾਦਸਾ ਵਾਪਰਿਆ ਹੈ।
ਇਸ ਤੋਂ ਪਹਿਲਾਂ ਮੌਦਹਾ ਰੇਲਵੇ ਕ੍ਰਾਸਿੰਗ ਉੱਤੇ ਮਾਲ–ਗੱਡੀ ਨੂੰ ਖੁੱਲ੍ਹੇ ਗੇਟ ਨਾਲ ਕ੍ਰਾਸਿੰਗ ਕਰਵਾ ਦਿੱਤਾ ਗਿਆ ਸੀ। ਸਟੇਸ਼ਨ ਮਾਸਟਰ ਮੁੰਨੀ ਲਾਲ ਨੇ ਗੇਟਮੈਨ ਮੁਹੰਮਦ ਨਸੀਮ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਅਧਿਕਾਰੀ ਮੌਕੇ ’ਤੇ ਪੁੱਜ ਗਏ ਹਨ। ਗ਼ਲਤੀ ਕਿਸ ਦੀ ਹੈ, ਇਹ ਪਤਾ ਲਾਇਆ ਜਾ ਰਿਹਾ ਹੈ।