ਕੁਝ ਸਮਾਂ ਪਹਿਲਾਂ ਜਾਮੀਆ ਨਗਰ ਚ ਸਿਟੀਜ਼ਨਸ਼ਿਪ ਸੋਧ ਐਕਟ (ਸੀ.ਏ.ਏ.) ਦੇ ਖਿਲਾਫ ਚੱਲ ਰਹੇ ਵਿਰੋਧ ਪ੍ਰਦਰਸ਼ਨ ਚ ਹਿੰਸਾ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ 70 ਸ਼ੱਕੀ ਵਿਅਕਤੀਆਂ ਦੀਆਂ ਫੋਟੋਆਂ ਜਾਰੀ ਕੀਤੀਆਂ ਹਨ। ਇਹ ਤਸਵੀਰਾਂ ਸੀਸੀਟੀਵੀ ਫੁਟੇਜ ਤੋਂ ਕੱਢੀਆਂ ਗਈਆਂ ਹਨ ਜਿਸ ਚ ਇਹ ਲੋਕ ਹਿੰਸਾ ਕਰਦੇ ਦਿਖਾਈ ਦੇ ਰਹੇ ਸਨ।
ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਲੋਕ ਹਿੰਸਾ ਚ ਬਹੁਤ ਸਰਗਰਮੀ ਨਾਲ ਸ਼ਾਮਲ ਸਨ। ਨਾਲ ਹੀ ਆਮ ਲੋਕਾਂ ਤੋਂ ਉਨ੍ਹਾਂ ਦੀ ਪਛਾਣ ਕਰਨ ਲਈ ਕਿਹਾ ਗਿਆ ਹੈ। ਪੁਲਿਸ ਨੇ ਇਨ੍ਹਾਂ ਲੋਕਾਂ ਨੂੰ ਲੱਭਣ ‘ਤੇ ਇਨਾਮ ਵੀ ਰੱਖਿਆ ਹੈ।
ਦੱਸ ਦੇਈਏ ਕਿ ਇਸ ਹਿੰਸਾ ਚ ਤਕਰੀਬਨ 5 ਬੱਸਾਂ ਸਾੜ ਦਿੱਤੀਆਂ ਗਈਆਂ ਸਨ ਤੇ 100 ਤੋਂ ਵੱਧ ਨਿਜੀ ਅਤੇ ਜਨਤਕ ਵਾਹਨਾਂ ਦੀ ਭੰਨਤੋੜ ਕੀਤੀ ਗਈ ਸੀ। ਇਹ ਹਿੰਸਾ 15 ਦਸੰਬਰ 2019 ਨੂੰ ਵਾਪਰੀ ਜਦੋਂ ਜਾਮੀਆ ਦੇ ਵਿਦਿਆਰਥੀਆਂ ਸਮੇਤ 100 ਤੋਂ ਵੱਧ ਲੋਕਾਂ ਨੇ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਸੀ।
ਪ੍ਰਦਰਸ਼ਨਕਾਰੀਆਂ ਵੱਲੋਂ ਸੁੱਟੇ ਗਏ ਪੱਥਰ, ਸ਼ੀਸ਼ੇ ਦੀਆਂ ਬੋਤਲਾਂ ਅਤੇ ਟਿਊਬ ਲਾਈਟਾਂ ਕਾਰਨ 30 ਲੋਕ ਜ਼ਖਮੀ ਹੋਏ ਸਨ, ਜਿਨ੍ਹਾਂ ਚ ਵਿਦਿਆਰਥੀ ਅਤੇ ਪੁਲਿਸ ਸ਼ਾਮਲ ਸਨ। ਇਸ ਮਾਮਲੇ ਚ ਐਸਆਈਟੀ ਨੇ ਕੁਲ 102 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਸ਼ੁੱਕਰਵਾਰ ਨੂੰ ਕਾਂਗਰਸ ਦੇ ਸਾਬਕਾ ਵਿਧਾਇਕ ਆਸਿਫ ਮੁਹੰਮਦ ਖਾਨ, ਜਾਮੀਆ ਦੇ ਵਿਦਿਆਰਥੀ ਚੰਦਨ ਕੁਮਾਰ ਅਤੇ ਖੇਤਰੀ ਰਾਜਨੇਤਾ ਆਸ਼ੂ ਖਾਨ ਤੋਂ ਇਸ ਮਾਮਲੇ 'ਤੇ 7 ਘੰਟੇ ਪੁੱਛਗਿੱਛ ਕੀਤੀ ਗਈ ਸੀ।
ਦੱਸਣਯੋਗ ਹੈ ਕਿ ਸਿਟੀਜ਼ਨਸ਼ਿਪ ਸੋਧ ਐਕਟ 'ਤੇ ਪ੍ਰਦਰਸ਼ਨ ਦੌਰਾਨ ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿਖੇ ਹਿੰਸਾ ਹੋਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਕੈਂਪਸ ਚ ਦਾਖਲ ਹੋ ਕੇ ਪ੍ਰਦਰਸ਼ਨਕਾਰੀਆਂ ਨੂੰ ਕੁੱਟਿਆ ਸੀ।
ਪੁਲਿਸ ਦੀ ਇਸ ਕਾਰਵਾਈ ਖਿਲਾਫ ਕਈ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਕੀਤੇ ਗਏ। ਇਸ ਹਿੰਸਾ ਚ 5 ਡੀਟੀਸੀ ਬੱਸਾਂ, 100 ਨਿਜੀ ਵਾਹਨ ਅਤੇ 10 ਪੁਲਿਸ ਮੋਟਰਸਾਈਕਲ ਨੁਕਸਾਨੇ ਗਏ। ਪੁਲਿਸ ਨੇ ਕਿਹਾ ਕਿ ਉਸਨੇ ਵਿਰੋਧੀਆਂ ਦੁਆਰਾ ‘ਭੜਕਾਉਣ ਦੇ ਬਾਵਜੂਦ’ ਵੱਧ ਤੋਂ ਵੱਧ ਸੰਜਮ, ਘੱਟੋ ਘੱਟ ਤਾਕਤ ਦੀ ਵਰਤੋਂ ਕੀਤੀ।