ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੀ ਬੇਟੀ ਇਲਤਿਜਾ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਧਾਰਾ 370 ਹਟਾਏ ਜਾਣ ਤੋਂ ਬਾਅਦ ਉਸ ਦੀ ਨਜ਼ਰਬੰਦ ਮਾਂ ਨਾਲ ਗੱਲ ਕਰਨ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ। ਇਸ ਕਰਕੇ ਉਨ੍ਹਾਂ ਨੂੰ ਰੋਟੀ ਦੇ ਅੰਦਰ ਛੁਪਾ ਕੇ ਚਿੱਠੀ ਭੇਜਣੀ ਪਈ।
5 ਅਗਸਤ, 2019 ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾਏ ਜਾਣ ਤੋਂ ਬਾਅਦ ਘਾਟੀ ਦੇ ਕਈ ਨੇਤਾਵਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ। ਹਾਲਾਂਕਿ ਕੁਝ ਨੂੰ ਰਿਹਾਅ ਕੀਤਾ ਗਿਆ ਹੈ। ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ, ਫਾਰੂਕ ਅਬਦੁੱਲਾ ਅਤੇ ਉਮਰ ਅਬਦੁੱਲਾ ਅਜੇ ਵੀ ਨਜ਼ਰਬੰਦ ਹਨ। ਵੀਰਵਾਰ ਨੂੰ ਮਹਿਬੂਬਾ ਅਤੇ ਉਮਰ ਨੂੰ ਪਬਲਿਕ ਸੇਫਟੀ ਐਕਟ (ਪੀਐਸਏ) ਦੇ ਤਹਿਤ ਵੀ ਦਰਜ ਕੀਤਾ ਗਿਆ ਸੀ।
ਮਹਿਬੂਬਾ ਨੂੰ ਨਜ਼ਰਬੰਦ ਕੀਤੇ ਜਾਣ ਤੋਂ ਬਾਅਦ ਇਲਤਿਜਾ ਹੀ ਉਸ ਦਾ ਟਵਿੱਟਰ ਹੈਂਡਲ ਚਲਾ ਰਹੀ ਹੈ। ਇਸੇ ਬਾਰੇ ਉਨ੍ਹਾਂ ਨੇ ਦੱਸਿਆ ਕਿ ਉਸ ਨੇ ਕਿਵੇ ਮਾਂ ਅਤੇ ਪੀਡੀਪੀ ਦੀ ਪ੍ਰਮੁੱਖ ਮਹਿਬੂਬਾ ਨਾਲ ਸੰਪਰਕ ਕੀਤਾ।
ਉਨ੍ਹਾਂ ਕਿਹਾ ਕਿ ਕਈ ਦਿਨਾਂ ਤੋਂ ਇਹ ਪਤਾ ਨਹੀਂ ਲੱਗ ਸਕਿਆ ਕਿ ਮਾਂ ਕਿਵੇਂ ਸੀ। ਕੁਝ ਦਿਨਾਂ ਬਾਅਦ, ਉਨ੍ਹਾਂ ਲਈ ਭਿਜਵਾਏ ਟਿਫਿਨ ਵਿੱਚ ਮੈਨੂੰ ਉਨ੍ਹਾਂ ਦੇ ਹੱਥ ਦਾ ਲਿਖਿਆ ਇੱਕ ਨੋਟ ਮਿਲਿਆ ਸੀ। ਇਸ ਵਿੱਚ ਉਨ੍ਹਾਂ ਨੇ ਲਿਖਿਆ ਸੀ ਕਿ ਉਨ੍ਹਾਂ ਲੋਕਾਂ (ਸਰਕਾਰ) ਨੇ ਮੇਰੇ ਤੋਂ ਲਿਖਿਤ ਵਿੱਚ ਲਿਆ ਹੈ ਕਿ ਮੈਂ ਸੋਸ਼ਲ ਮੀਡੀਆ ਦਾ ਇਸਤੇਮਾਲ ਨਹੀਂ ਕਰਾਂਗੀ।
ਨਾਨੀ ਨੇ ਦੱਸੀ ਸੀ ਤਰਕੀਬ
ਬੇਟੀ ਨੇ ਇਹ ਵੀ ਦੱਸਿਆ ਕਿ ਉਸ ਨੇ ਕਿਵੇ ਮਾਂ ਤੱਕ ਆਪਣਾ ਪੈਗਾਮ ਪਹੁੰਚਾਇਆ। ਉਸ ਨੇ ਲਿਖਆ ਕਿ ਮੇਰੀ ਨਾਨੀ ਨੇ ਇੱਕ ਤਰੀਕਾ ਦੱਸਿਆ। ਮੈਂ ਸਾਵਧਾਨੀ ਨਾਲ ਆਟੇ ਅੰਦਰ ਇੱਕ ਚਿੱਠੀ ਰੱਖੀ ਅਤੇ ਫਿਰ ਉਸ ਦੀ ਰੋਟੀ ਵੇਲ ਦਿੱਤੀ।