ਜੰਮੂ ਕਸ਼ਮੀਰ `ਚ ਪੰਚਾਇਤ ਚੋਣ 9 ਚਰਨਾਂ `ਚ ਆਯੋਜਿਤ ਕੀਤੀਆਂ ਜਾਣਗੀਆਂ। ਪਹਿਲੇ ਚਰਨ ਦੀਆਂ ਵੋਟਾਂ 17 ਨਵੰਬਰ ਨੂੰ ਹੋਣਗੀਆਂ। ਸੂਬੇ ਦੇ ਮੁੱਖ ਚੋਣ ਅਧਿਕਾਰੀ ਸ਼ਲੀਨ ਕਾਬਰਾ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 35,096 ਪੰਚ ਚੋਣ ਖੇਤਰਾਂ `ਚ ਕਰੀਬ 58 ਲੱਖ ਵੋਟਰ ਵੋਟਾਂ ਪਾਉਣਗੇ। ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਚੋਣਾਂ `ਚ ਲੋਕਾਂ ਦੀ ਚੰਗੀ ਸ਼ਮੂਲੀਅਤ ਹੋਵੇਗੀ। ਪਹਿਲੇ ਚਰਨ ਲਈ 23 ਅਕਤੂਬਰ ਨੂੰ ਅਧਿਸੂਚਨਾ ਜਾਰੀ ਹੋਵੇਗੀ।
ਭਾਸ਼ਾ ਅਨੁਸਾਰ ਕਾਬਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੰਚਾਇਤੀ ਚੋਣਾਂ ਲਈ ਨੌ ਗੇੜ `ਚ ਚੋਣ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਉਸੇ ਦਿਨ ਜਾਂ ਵੋਟਾਂ ਦੇ ਅਗਲੇ ਦਿਨ ਹੋਵੇਗੀ।
ਉਨ੍ਹਾਂ ਦੱਸਿਆ ਕਿ ਵਾਧੂ ਵੋਟ ਪੇਟੀਆਂ ਗੁਆਂਢੀ ਰਾਜਾਂ ਤੋਂ ਮੰਗਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਬਾਰ ਇਨ੍ਹਾਂ ਚੋਣਾਂ `ਚ ਸਿੱਧੇ ਸਰਪੰਚਾਂ ਦੀ ਵੀ ਚੋਣ ਹੋਵੇਗੀ। ਅਜਿਹੇ `ਚ ਦੋ ਤਰ੍ਹਾਂ ਦੀਆਂ ਵੋਟ ਪੱਤਰ ਹੋਣਗੇ। ਸੀਈਓ ਨੇ ਦੱਸਿਆ ਕਿ ਵੋਟਾਂ 17, 20, 24, 27 ਅਤੇ 29 ਨਵੰਬਰ ਤੱਕ ਇਕ, ਚਾਰ, ਅੱਠ ਅਤੇ 11 ਦਸੰਬਰ ਨੂੰ ਪੈਣਗੀਆਂ।
ਕਾਬਰਾ ਨੇ ਦੱਸਿਆ ਕਿ ਵੋਟਾਂ ਦਾ ਸਮਾਂ ਸਵੇਰੇ ਅੱਠ ਵਜੇ ਤੋਂ ਦੁਪਹਿਰ ਦੋ ਵਜੇ ਤੱਕ ਹੋਵੇਗਾ। ਉਨ੍ਹਾਂ ਦੱਸਿਆ ਕਿ ਚੋਣ ਪ੍ਰਕਿਰਿਆ 17 ਦਸੰਬਰ ਤੱਕ ਪੂਰੀ ਹੋ ਜਾਵੇਗੀ। ਸੀਈਓ ਨੇ ਦੱਸਿਆ ਕਿ ਚੋਣ ਬੈਲਟ ਪੱਤਰ ਰਾਹੀਂ ਹੋਵੇਗੀ ਅਤੇ ਪ੍ਰਵਾਸੀ ਕਸ਼ਮੀਰੀ ਪੰਡਿਤ ਵੀ ਡਾਕ ਰਾਹੀਂ ਆਪਣੀ ਵੋਟ ਪਾ ਸਕਣਗੇ।
ਉਨ੍ਹਾਂ ਦੱਸਿਆ ਕਿ ਪੂਰੇ ਸੂਬੇ `ਚ 316 ਪ੍ਰਖੰਡਾਂ `ਚ ਕੁਲ 4490 ਪੰਚਾਇਤ ਹਲਕੇ ਹਨ। ਸੀਈਓ ਨੇ ਦੱਸਿਆ ਕਿ ਇਨ੍ਹਾਂ ਚੋਣਾਂ `ਚ ਸਰਪੰਚਾਂ ਲਈ ਖਰਚ ਰਕਮ ਵਧਾਕੇ 20,000 ਰੁਪਏ ਅਤੇ ਪੰਚਾਂ ਲਈ 5,000 ਰੁਪਏ ਨਿਰਧਾਰਤ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਇਸ ਤਰ੍ਹਾਂ ਤਿਆਰ ਕੀਤਾ ਗਿਆ ਕਿ ਜਿਨ੍ਹਾਂ ਥਾਵਾਂ `ਤੇ ਪਹਿਲਾਂ ਬਰਫਬਾਰੀ ਹੁੰਦੀ ਹੈ, ਉਨ੍ਹਾਂ ਸਥਾਨਾਂ `ਤੇ ਪਹਿਲੇ ਚਰਨ `ਚ ਚੋਣ ਹੋਵੇਗੀ।