ਜੰਮੂ ਕਸ਼ਮੀਰ ਦੇ ਪ੍ਰਮੁੱਖ ਸਕੱਤਰ ਰੋਹਿਤ ਕਾਂਸਲ ਨੇ ਸੋਮਵਾਰ ਨੂੰ ਦੱਸਿਆ ਕਿ ਘਾਟੀ ਦੇ 90 ਫੀਸਦੀ ਹਿੱਸੇ ਵਿਚ ਦਿਨ ਸਮੇਂ ਦੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ। ਕਾਂਸਲ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਕਸ਼ਮੀਰ ਘਾਟੀ ਵਿਚ 111 ਪੁਲਿਸ ਥਾਣਾ ਖੇਤਰਾਂ ਵਿਚ ਦਿਨ ਸਮੇਂ ਦੀਆਂ ਪਾਬੰਦੀਆਂ 92 ਥਾਣਾ ਖੇਤਰਾਂ ਵਿਚੋਂ ਪੂਰੀ ਤਰ੍ਹਾਂ ਹਟਾ ਦਿੱਤੀਆਂ ਗਈਆਂ ਹਨ, ਜੋ ਪਿਛਲੇ ਹਫਤੇ ਦੇ 81 ਥਾਣਾ ਖੇਤਰਾਂ ਤੋਂ ਜ਼ਿਆਦਾ ਹਨ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਘਾਟੀ ਦੇ 90 ਫੀਸਦੀ ਹਿੱਸੇ ਵਿਚ ਦਿਨ ਸਮੇਂ ਦੀਆਂ ਪਾਬੰਦੀਆਂ ਪੂਰੀ ਤਰ੍ਹਾਂ ਹਟਾ ਦਿੱਤੀਆਂ ਗਈਆਂ ਹਨ। ਪ੍ਰਮੁੱਖ ਸਕੱਤਰ ਨੇ ਕਿਹਾ ਕਿ ਜੰਮੂ ਅਤੇ ਲੱਦਾਖ ਸਾਰੇ ਤਰ੍ਹਾਂ ਦੀਆਂ ਪਾਬੰਦੀਆਂ ਤੋਂ ਪਹਿਲਾਂ ਹੀ ਪੂਰੀ ਤਰ੍ਹਾਂ ਮੁਕਤ ਹਨ।
ਜੰਮੂ, ਕਸ਼ਮੀਰ ਅਤੇ ਲੱਦਾਖ ਦੇ 93 ਫੀਸਦੀ ਹਿੱਸੇ ਅੱਜ ਕਿਸੇ ਪਾਬੰਦੀ ਤੋ਼ ਪੂਰੀ ਤਰ੍ਹਾਂ ਮੁਕਤ ਹਨ। ਉਨ੍ਹਾਂ ਕਿਹਾ ਕਿ ਘਾਟੀ ਵਿਚ 26,000 ਤੋਂ ਜ਼ਿਆਦਾ ਲੈਂਲਾਈਨ ਫੋਨ ਕੰਮ ਕਰ ਰਹੇ ਹਨ। ਕਾਂਸਲ ਨੇ ਕਿਹਾ ਕਿ ਅਸੀਂ 29 ਹੋਰ ਟੈਲੀਫੋਨ ਐਕਸਚੇਂਜ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂ ਕੁਲ 95 ਐਕਸਚੇਂਜਾਂ ਵਿਚੋਂ ਹੁਦ 76 ਚਾਲੂ ਹਨ।
ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਬਾਅਦ ਘਾਟੀ ਨੂੰ ਛਾਉਣੀ ਵਿਚ ਬਦਲ ਦਿੱਤਾ ਗਿਆ ਸੀ। ਕਰੀਬ 35 ਹਜ਼ਾਰ ਤੋਂ ਜ਼ਿਆਦਾ ਸੁਰੱਖਿਆ ਕਰਮਚਾਰੀਆਂ ਨੂੰ ਵਾਧੂ ਤੈਨਾਤ ਕੀਤਾ ਗਿਆ ਸੀ।