ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਹੋਣ ਅਤੇ ਸੂਬੇ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਣ ਤੋਂ ਬਾਅਦ ਅੱਤਵਾਦੀ ਸੰਗਠਨਾਂ ਵਿੱਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਦੀ ਗਿਣਤੀ ਘੱਟ ਗਈ ਹੈ, ਪਰ ਕੰਟਰੋਲ ਰੇਖਾ ਰਾਹੀਂ ਘੁਸਪੈਠ ਦੀਆਂ ਕੋਸ਼ਿਸ਼ਾਂ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ। ਇਹ ਅਧਿਕਾਰਤ ਅੰਕੜਿਆਂ ਤੋਂ ਇਸ ਦੀ ਜਾਣਕਾਰੀ ਮਿਲੀ ਹੈ।
ਸੁਰੱਖਿਆ ਏਜੰਸੀਆਂ ਵੱਲੋਂ ਤਿਆਰ ਇਕ ਅੰਦਰੂਨੀ ਦਸਤਾਵੇਜ਼ ਦੇ ਅਨੁਸਾਰ, 5 ਅਗਸਤ, 2019 ਤੋਂ 26 ਜਨਵਰੀ, 2020 ਦੇ ਵਿਚਕਾਰ ਸਿਰਫ 28 ਨੌਜਵਾਨ ਅੱਤਵਾਦੀ ਸੰਗਠਨਾਂ ਵਿੱਚ ਸ਼ਾਮਲ ਹੋਏ। ਇਸ ਤਰ੍ਹਾਂ 1 ਜਨਵਰੀ 2019 ਤੋਂ 4 ਅਗਸਤ 2019 ਵਿਚਕਾਰ ਸ਼ਾਮਲ ਹੋਣ ਵਾਲੇ ਨੌਜਵਾਨਾਂ ਵਿੱਚ 60 ਪ੍ਰਤੀਸ਼ਤ ਦੀ ਗਿਰਾਵਟ ਆਈ। ਇਸ ਵਿਚਾਲੇ 105 ਨੌਜਵਾਨ ਅੱਤਵਾਦੀ ਸੰਗਠਨਾਂ ਨਾਲ ਜੁੜੇ ਹੋਏ ਸਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨੌਜਵਾਨ ਦੱਖਣੀ ਕਸ਼ਮੀਰ ਦੇ ਪੁਲਵਾਮਾ, ਅਨੰਤਨਾਗ, ਕੁਲਗਾਮ ਅਤੇ ਸ਼ੋਪੀਆਂ ਦੇ ਸਨ।
ਦਸਤਾਵੇਜ਼ ਦੇ ਅਨੁਸਾਰ, ਪਿਛਲੇ ਸਾਲ 5 ਅਗਸਤ ਤੱਕ ਹਰ ਮਹੀਨੇ ਔਸਤਨ 15 ਨੌਜਵਾਨ ਅੱਤਵਾਦੀ ਸਮੂਹਾਂ ਵਿੱਚ ਸ਼ਾਮਲ ਹੋ ਰਹੇ ਸਨ, ਪਰੰਤੂ ਇਸ ਤੋਂ ਬਾਅਦ ਹਰ ਮਹੀਨੇ ਸਿਰਫ 5.6 ਨੌਜਵਾਨ ਹੀ ਸ਼ਾਮਲ ਹੋਏ। ਕੇਂਦਰ ਨੇ ਪਿਛਲੇ ਸਾਲ 5 ਅਗਸਤ ਨੂੰ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰ ਦਿੱਤਾ ਸੀ ਅਤੇ ਸੂਬੇ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ - ਜੰਮੂ ਕਸ਼ਮੀਰ ਅਤੇ ਲੱਦਾਖ ਵਿੱਚ ਵੰਡ ਦਿੱਤਾ ਗਿਆ ਸੀ।
ਦਸਤਾਵੇਜ਼ ਅਨੁਸਾਰ, ਸਾਲ 2018 ਦੇ ਮੁਕਾਬਲੇ 2019 ਵਿੱਚ ਅੱਤਵਾਦੀ ਸੰਗਠਨਾਂ ਵਿੱਚ ਨਵੀਂ ਭਰਤੀ ਵਿੱਚ 35 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਸਾਲ 2019 ਵਿੱਚ 135 ਨੌਜਵਾਨ ਅੱਤਵਾਦੀਆਂ ਨਾਲ ਜੁੜੇ ਹੋਏ ਸਨ, ਜਦੋਂਕਿ ਸਾਲ 2018 ਵਿੱਚ 199 ਨੌਜਵਾਨਾਂ ਨੇ ਹਥਿਆਰ ਚੁੱਕੇ ਸਨ। ਘੁਸਪੈਠ ਦੇ ਫਰੰਟ 'ਤੇ, ਪਾਕਿਸਤਾਨ ਵੱਲੋਂ ਵਾਦੀ ਵਿੱਚ ਅੱਤਵਾਦੀਆਂ ਨੂੰ ਘੁਸਪੈਠ ਕਰਨ ਲਈ ਕੋਸ਼ਿਸ਼ਾਂ ਜਾਰੀ ਰਹੀਆਂ ਅਤੇ 133 ਅੱਤਵਾਦੀ ਜੰਮੂ-ਕਸ਼ਮੀਰ ਵਿੱਚ ਦਾਖ਼ਲ ਹੋਣ ਵਿੱਚ ਸਫ਼ਲ ਰਹੇ।
ਦਸਤਾਵੇਜ਼ ਦੇ ਅਨੁਸਾਰ, 211 ਅੱਤਵਾਦੀਆਂ ਨੇ ਪਿਛਲੇ ਸਾਲ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਨ੍ਹਾਂ ਵਿੱਚੋਂ 74 ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਵਾਪਸ ਪਰਤਣਾ ਪਿਆ, ਜਦੋਂਕਿ ਘੁਸਪੈਠ ਵਿਰੋਧੀ ਅਭਿਆਨ ਵਿੱਚ ਚਾਰ ਹੋਰ ਮਾਰੇ ਗਏ। ਪਿਛਲੇ ਸਾਲ ਪੁਲਵਾਮਾ ਵਿੱਚ ਅੱਤਵਾਦੀ ਹਮਲੇ ਦੇ ਬਾਵਜੂਦ, ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਨਵੇਂ ਬਣੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਸਾਲ 2019 ਵਿੱਚ ਸਥਿਤੀ ਵਿੱਚ ਸੁਧਾਰ ਹੋਇਆ ਹੈ।