ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਇੱਕ ਪਿੰਡ 'ਚ ਐਤਵਾਰ ਨੂੰ ਮੁਕਾਬਲੇ 'ਚ ਹਿਜ਼ਬੁਲ ਮੁਜ਼ਾਹਿਦੀਨ ਦੇ ਦੋ ਅੱਤਵਾਦੀ ਮਾਰੇ ਗਏ। ਅੱਤਵਾਦੀਆਂ ਨਾਲ ਮੁਕਾਬਲਾ ਕਰਦੇ ਹੋਏ ਫ਼ੌਜ ਦਾ ਇੱਕ ਜਵਾਨ ਵੀ ਸ਼ਹੀਦ ਹੋ ਗਿਆ। ਮਾਰੇ ਗਏ ਅੱਤਵਾਦੀਆਂ ਵਿੱਚੋਂ ਇੱਕ ਦੀ ਪਛਾਣ ਤਾਹਿਰ ਉਰਫ਼ ਉਕਾਬ ਵਜੋਂ ਹੋਈ ਹੈ। ਉਹ ਪੁਲਵਾਮਾ ਦਾ ਵਸਨੀਕ ਸੀ। ਉਹ ਪਿਛਲੇ ਸਾਲ ਕਿਸ਼ਤਵਾੜ 'ਚ ਆਰਐਸਐਸ ਨੇਤਾ ਚੰਦਰਕਾਂਤ ਸ਼ਰਮਾ ਦੀ ਹੱਤਿਆ 'ਚ ਸ਼ਾਮਲ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਡੋਡਾ ਸ਼ਹਿਰ ਤੋਂ 26 ਕਿਲੋਮੀਟਰ ਦੂਰ ਗੁੰਡਾਨਾ ਇਲਾਕੇ ਦੇ ਪੋਸਤਾ-ਪੋਤਰਾ ਪਿੰਡ 'ਚ ਸੁਰੱਖਿਆ ਬਲਾਂ ਨੇ ਇੱਕ ਸਾਂਝਾ ਅਭਿਆਨ ਚਲਾਇਆ। ਇਸ ਤੋਂ ਬਾਅਦ ਦੋਵੇਂ ਪਾਸਿਓਂ ਮੁਕਾਬਲਾ ਸ਼ੁਰੂ ਹੋ ਗਿਆ।
ਉਨ੍ਹਾਂ ਦੱਸਿਆ ਕਿ ਲੁਕੇ ਹੋਏ ਅੱਤਵਾਦੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ 'ਚ ਫ਼ੌਜ ਦਾ ਇੱਕ ਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਅਤੇ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਉਸ ਦੀ ਮੌਤ ਹੋ ਗਈ। ਜੰਮੂ ਜ਼ੋਨ ਦੇ ਇੰਸਪੈਕਟਰ ਜਨਰਲ ਪੁਲਿਸ ਮੁਕੇਸ਼ ਸਿੰਘ ਨੇ ਦੱਸਿਆ ਕਿ ਮੁਕਾਬਲੇ ਵਿੱਚ ਦੋ ਅੱਤਵਾਦੀ ਮਾਰੇ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਫ਼ੌਜ ਦੇ ਰਾਸ਼ਟਰੀ ਰਾਈਫਲਜ਼, ਪੁਲਿਸ ਤੇ ਸੀਆਰਪੀਐਫ ਦੀਆਂ ਸਾਂਝੀਆਂ ਟੀਮਾਂ ਨੇ ਸਨਿੱਚਰਵਾਰ ਰਾਤ ਨੂੰ ਇੱਕ ਘਰ 'ਚ ਦੋ ਸ਼ੱਕੀ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਇਹ ਕਾਰਵਾਈ ਕੀਤੀ।
ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਸਾਂਝੀ ਟੀਮ ਅੱਤਵਾਦੀਆਂ ਦੇ ਟਿਕਾਣੇ ਵਲ ਵੱਧ ਰਹੀ ਸੀ ਤਾਂ ਸਵੇਰੇ 7.30 ਵਜੇ ਉਨ੍ਹਾਂ 'ਤੇ ਭਾਰੀ ਗੋਲੀਬਾਰੀ ਕੀਤੀ ਗਈ, ਜਿਸ ਦਾ ਉਨ੍ਹਾਂ ਨੇ ਜਵਾਬ ਦਿੱਤਾ। ਅੱਤਵਾਦੀ ਇੱਕ ਘਰ 'ਚ ਲੁਕ ਗਏ ਸਨ।
ਦੱਸ ਦੇਈਏ ਕਿ ਇਸ ਸਾਲ ਡੋਡਾ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਇਹ ਦੂਜਾ ਮੁਕਾਬਲਾ ਹੈ। ਇਸ ਤੋਂ ਪਹਿਲਾਂ 15 ਜਨਵਰੀ ਨੂੰ ਹਿਜ਼ਬੁਲ ਮੁਜ਼ਾਹਿਦੀਨ ਦਾ ਕਮਾਂਡਰ ਹਾਰੂਨ ਅੱਬਾਸ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਮਾਰਿਆ ਗਿਆ ਸੀ।