ਜੰਮੂ ਕਸ਼ਮੀਰ (Jammu Kashmir) ਦੇ ਬਾਰਾਮੂਲਾ ਦੇ ਸੋਪੋਰ ਇਲਾਕੇ ਵਿੱਚ ਸੋਮਵਾਰ ਨੂੰ ਬੱਸ ਅੱਡੇ ਉੱਤੇ ਇੱਕ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ ਹੈ। ਨਿਊਜ਼ ਏਜੰਸੀ ਏਐਨਆਈ ਅਨੁਸਾਰ, ਗ੍ਰੇਨੇਡ ਹਮਲੇ ਵਿੱਚ ਔਰਤ ਸਣੇ ਛੇ ਲੋਕ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਜਿਸ ਤੋਂ ਬਾਅਦ ਸੁਰੱਖਿਆ ਬਲਾਂ ਵੱਲੋਂ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਟੀਵੀ ਰਿਪੋਰਟਾਂ ਅਨੁਸਾਰ ਮੁੱਖ ਬੱਸ ਅੱਡੇ 'ਤੇ ਸੁਰੱਖਿਆ ਬਲਾਂ 'ਤੇ ਗ੍ਰੇਨੇਡਾਂ ਨਾਲ ਇਹ ਹਮਲਾ ਕੀਤਾ ਗਿਆ ਹੈ।
#UPDATE Jammu and Kashmir: Six injured in a grenade attack near bus stand in Sopore. https://t.co/i38wp752F9 pic.twitter.com/M6HPPT8Xhy
— ANI (@ANI) October 28, 2019
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ੍ਰੀਨਗਰ ਦੇ ਕਰਨ ਨਗਰ ਇਲਾਕੇ ਵਿੱਚ ਅੱਤਵਾਦੀਆਂ ਨੇ ਸੀਆਰਪੀਐਫ਼ ਦੀ ਇੱਕ ਟੀਮ ਉੱਤੇ ਇੱਕ ਗ੍ਰੇਨੇਡ ਸੁੱਟਿਆ ਸੀ। ਇਸ ਹਮਲੇ ਵਿੱਚ ਛੇ ਜਵਾਨ ਜ਼ਖ਼ਮੀ ਹੋ ਗਏ ਸਨ।
ਪੁਲਿਸ ਨੇ ਦੱਸਿਆ ਕਿ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੀ 144ਵੀਂ ਬਟਾਲੀਅਨ ਦੀ ਇੱਕ ਟੀਮ ਇੱਕ ਨਗਰ ਦੇ ਵਿਅਸਤ ਕਾਕਾਸਰਾਏ ਇਲਾਕੇ ਵਿੱਚ ਚੈੱਕ ਪੋਸਟ ‘ਤੇ ਤਾਇਨਾਤ ਸੀ।
ਅੱਤਵਾਦੀਆਂ ਵੱਲੋਂ ਕੀਤੇ ਗ੍ਰੇਨੇਡ ਧਮਾਕੇ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਇਸ ਦੌਰਾਨ ਅੱਤਵਾਦੀਆਂ ਨੇ ਫਾਇਰਿੰਗ ਵੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ਦੇ ਜਵਾਬ ਵਿੱਚ ਸੁਰੱਖਿਆ ਬਲਾਂ ਨੇ ਗੋਲੀਬਾਰੀ ਕੀਤੀ।
ਅੱਤਵਾਦੀ ਹਮਲੇ ਤੋਂ ਬਾਅਦ ਇਲਾਕੇ ਦੀ ਨਾਕਾਬੰਦੀ ਕਰਕੇ ਤੁਰੰਤ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਪਰ ਅੱਤਵਾਦੀ ਹਮਲੇ ਤੋਂ ਬਾਅਦ ਉਹ ਇਲਾਕੇ ਤੋਂ ਫ਼ਰਾਰ ਹੋਣ ਵਿੱਚ ਸਫ਼ਲ ਰਹੇ। ਅਜੇ ਤੱਕ ਕਿਸੇ ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਅੱਤਵਾਦੀਆਂ ਨੇ ਕੁਲਗਾਮ ਵਿੱਚ ਸੀਆਰਪੀਐਫ 'ਤੇ ਹਮਲਾ ਕੀਤਾ ਸੀ।