ਰਾਮਬਨ ਦੇ ਡਿਗਡੋਲ ਤੇ ਪੰਥੀਆਲ ਇਲਾਕੇ ’ਚ ਕਈ ਥਾਵਾਂ ਉੱਤੇ ਢਿੱਗਾਂ ਡਿੱਗਣ ਕਾਰਨ ਜੰਮੂ–ਸ੍ਰੀਨਗਰ ਕੌਮੀ ਰਾਜਮਾਰਗ (ਹਾਈਵੇਅ) ਅੱਜ ਵੀਰਵਾਰ ਚੌਕੇ ਦਿਨ ਵੀ ਖੁੱਲ੍ਹ ਨਹੀਂ ਸਕਿਆ ਹੈ। ਕਸ਼ਮੀਰ ਵਾਲੇ ਪਾਸੇ ਹਾਈਵੇਅ ਦੇ ਕਈ ਹਿੱਸਿਆਂ ’ਚ ਹਲਕੀ ਬਰਫ਼ਬਾਰੀ ਵੀ ਹੋਈ ਹੈ।
ਹਾਈਵੇਅ ਬੰਦ ਹੋਣ ਨਾਲ ਲਖਨਪੁਰ ਤੋਂ ਬਨਿਹਾਲ ਤੱਕ ਰਾਹ ਵਿੱਚ ਲਗਭਗ 5,000 ਵਾਹਨ ਫਸੇ ਹੋਏ ਹਨ। ਸ੍ਰੀਨਗਰ ਸਮੇਤ ਕਸ਼ਮੀਰ ਦੇ ਕਈ ਇਲਾਕਿਆਂ ’ਚ ਚਬਰਫ਼ਬਾਰੀ ਕਾਰਨ ਤਾਪਮਾਨ ਵਿੱਚ ਗਿਰਾਵਟ ਆਈ ਹੈ। ਖ਼ਰਾਬ ਮੌਸਮ ਕਾਰਨ ਸ੍ਰੀਨਗਰ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣਾਂ ਰੰਦ ਕਰਨੀ ਪਈਆਂ ਹਲ।
ਸ੍ਰੀਨਗਰ–ਲੇਹ ਕੌਮੀ ਰਾਜਮਾਰਗ ਦੇ ਨਾਲ ਜ਼ਿਲ੍ਹਾ ਰਾਜੌਰੀ ਤੇ ਪੁੰਛ ਨੂੰ ਸ਼ੋਪੀਆਂ (ਕਸ਼ਮੀਰ) ਨਾਲ ਜੋੜਨ ਵਾਲੀ ਮੁਗ਼ਲ ਰੋਡ ਵੀ ਬੰਦ ਪਈ ਹੈ। ਮੌਸਮ ਵਿਗਿਆਨ ਕੇਂਦਰ ਸ੍ਰੀਨਗਰ ਅਨੁਸਾਰ ਵੀਰਵਾਰ ਨੂੰ ਜੰਮੂ ਅਤੇ ਕਸ਼ਮੀਰ ਦੇ ਕੁਝ ਹਿੱਸਿਆਂ ਵਿੱਚ ਹਲਕੀ ਵਰਖਾ ਤੇ ਬਰਫ਼ਬਾਰੀ ਹੋ ਸਕਦੀ ਹੈ।
ਰਾਮਬਨ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਢਿੱਗਾਂ ਡਿੱਗਣ ਤੇ ਜ਼ਮੀਨ ਖਿਸਕਣ ਕਾਰਨ ਆਵਾਜਾਈ ਅੱਗੇ ਨਹੀਂ ਵਧ ਸਕਦੀ। ਸ੍ਰੀਨਗਰ ਤੋਂ ਸਾਰੀਆਂ ਉਡਾਣਾਂ ਰੱਦ ਹੋਣ ਕਾਰਨ ਤੇ ਹਾਈਵੇਅ ਬੰਦ ਰਹਿਣ ਕਾਰਨ ਵਾਦੀ ’ਚ ਫਸੇ ਲੋਕਾਂ ਦੀਆਂ ਔਕੜਾਂ ਵਧੀਆਂ ਹਨ।
ਕਸ਼ਮੀਰ ਵਾਦੀ ਜਾਣ ਵਾਲੀ ਜ਼ਰੂਰੀ ਵਸਤਾਂ ਦੀ ਸਪਲਾਈ ਉੱਤੇ ਅਸਰ ਪਿਆ ਹੈ। ਕਸ਼ਮੀਰ ਦੇ ਸਾਰੇ ਜ਼ਿਲ੍ਹਿਆਂ ’ਚ ਦਿਨ ਤੇ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਆਈ ਹੈ। ਸ੍ਰੀਨਗਰ ’ਚ ਦਿਨ ਦਾ ਤਾਪਮਾਨ ਆਮ ਨਾਲੋਂ 3.9 ਡਿਗਰੀ ਹੇਠਾਂ ਡਿੱਗ ਕੇ 2.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜੰਮੂ ’ਚ ਕਦੇ ਬੱਦਲ਼ਵਾਈ ਤੇ ਕਦੇ ਧੁੱਪ ਨਿੱਕਲ਼ਦੀ ਰਹੀ।
ਇੱਥੇ ਦਿਨ ਦਾ ਤਾਪਮਾਨ 16 ਡਿਗਰੀ ਤੇ ਘੱਟੋ ਘੱਟ ਤਾਪਮਾਨ 6.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਇਲਾਕੇ ਵਿੱਚ ਭੱਦਰਵਾਹ 0.6 ਡਿਗਰੀ ਸੈਲਸੀਅਸ ਨਾਲ ਸਭ ਤੋਂ ਠੰਢਾ ਰਿਹਾ।