ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ.) 'ਚ ਐਤਵਾਰ ਰਾਤ ਨਕਾਬਪੋਸ਼ਾਂ ਵੱਲੋਂ ਹਥਿਆਰਾਂ ਤੇ ਲਾਠੀਆਂ ਨਾਲ ਵਿਦਿਆਰਥੀਆਂ ਤੇ ਅਧਿਆਪਕਾਂ ਉੱਤੇ ਹਮਲਾ ਕਰ ਦਿੱਤਾ ਗਿਆ। ਇਸ ਹਿੰਸਾ 'ਤੇ ਜੇ.ਐਨ.ਯੂ. ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਕਨੱਈਆ ਕੁਮਾਰ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ।
ਕਨੱਈਆ ਕੁਮਾਰ ਨੇ ਜੇ.ਐਨ.ਯੂ. ਹਿੰਸਾ ਲਈ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਹਮਲਾ ਬੋਲਿਆ ਅਤੇ ਕਿਹਾ ਕਿ ਜਦੋਂ ਤੋਂ ਇਹ ਸਰਕਾਰ ਸੱਤਾ 'ਚ ਆਈ ਹੈ, ਉਦੋਂ ਤੋਂ ਦੇਸ਼ ਦੇ ਹਰ ਕੋਨੇ 'ਚ ਵਿਦਿਆਰਥੀਆਂ ਵਿਰੁੱਧ ਜੰਗ ਛੇੜ ਦਿੱਤੀ ਹੈ। ਕਨੱਈਆ ਕੁਮਾਰ ਨੇ ਟਵੀਟ ਕੀਤਾ, "ਕਿੰਨੀ ਬੇਸ਼ਰਮ ਸਰਕਾਰ ਹੈ, ਪਹਿਲਾਂ ਫੀਸ ਵਧਾਉਂਦੀ ਹੈ, ਵਿਦਿਆਰਥੀ ਵਿਰੋਧ ਕਰਨ ਤਾਂ ਪੁਲਿਸ ਤੋਂ ਕੁਟਵਾਉਂਦੀ ਹੈ ਅਤੇ ਜਦੋਂ ਵਿਦਿਆਰਥੀ ਨਾ ਝੁਕੇ ਤਾਂ ਆਪਣੇ ਗੁੰਡੇ ਭੇਜ ਕੇ ਹਮਲਾ ਕਰਵਾਉਂਦੀ ਹੈ। ਜਦੋਂ ਤੋਂ ਸੱਤਾ 'ਚ ਆਏ ਹਨ, ਉਦੋਂ ਤੋਂ ਦੇਸ਼ ਦੇ ਹਰ ਕੋਨੇ 'ਚ ਵਿਦਿਆਰਥੀਆਂ ਵਿਰੁੱਧ ਇਨ੍ਹਾਂ ਨੇ ਲੜਾਈ ਛੇੜੀ ਹੋਈ ਹੈ।"
कितनी बेशर्म सरकार है, पहले फ़ीस बढ़ाती है, विद्यार्थी विरोध करें तो पुलिस से पिटवाती है और छात्र तब भी ना झुके, तो अपने गुंडे भेजकर हमला करवाती है। जब से सत्ता में आए हैं, तब से देश के हर कोने में देश के विद्यार्थियों के ख़िलाफ़ इन्होने जंग छेड़ रखी है।
— Kanhaiya Kumar (@kanhaiyakumar) January 5, 2020
ਕਨੱਈਆ ਨੇ ਅੱਗੇ ਲਿਖਿਆ, "ਸੁਣੋ ਸਾਹਿਬ, ਟੀ.ਵੀ. 'ਤੇ ਜਿੰਨਾ ਝੂਠ ਫੈਲਾਉਣਾ ਹੈ, ਫੈਲਾ ਲਓ। ਜਿੰਨਾ ਬਦਨਾਮ ਕਰਨਾ ਹੈ, ਕਰ ਲਓ। ਇਤਿਹਾਸ ਇਹੀ ਕਹੇਗਾ ਕਿ ਤੁਹਾਡੀ ਸਰਕਾਰ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾਉਣ ਵਿਰੁੱਧ ਸੀ ਅਤੇ ਦੇਸ਼ ਦੇ ਵਿਦਿਆਰਥੀ ਤੁਹਾਡੀ ਇਸ ਸਾਜਿਸ਼ ਵਿਰੁੱਧ ਉੱਠ ਖੜ੍ਹੇ ਹੋਏ, ਕਿਉਂਕਿ ਉਨ੍ਹਾਂ ਦੀ ਨਸਾਂ 'ਚ ਗਾਂਧੀ, ਅੰਬੇਦਕਰ, ਭਗਤ ਸਿੰਘ ਅਤੇ ਅਸ਼ਫਾਕ ਦਾ ਖੂਨ ਹੈ।"
ਜ਼ਿਕਰਯੋਗ ਹੈ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ’ਚ ਐਤਵਾਰ ਸ਼ਾਮੀਂ ਵਿਦਿਆਰਥੀ ਜੱਥੇਬੰਦੀਆਂ ਵਿਚਾਲੇ ਹੋਈਆਂ ਝੜਪਾਂ ਤੋਂ ਬਾਅਦ ਨਕਾਬਪੋਸ਼ਾਂ ਨੇ ਡਾਂਗਾਂ ਨਾਲ ਹਮਲਾ ਕਰ ਦਿੱਤਾ ਸੀ। ਇਸ 'ਚ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਈਸ਼ੀ ਘੋਸ਼ ਅਤੇ ਜਨਰਲ ਸਕੱਤਰ ਸਮੇਤ 28 ਜਣੇ ਜ਼ਖਮੀ ਹੋਏ ਹਨ। ਇਨ੍ਹਾਂ 'ਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹੰਗਾਮਾਕਾਰੀਆਂ ਨੇ ਯੂਨੀਵਰਸਿਟੀ 'ਚ ਭੰਨਤੋੜ ਕੀਤੀ, ਜਿਸ ਪਿੱਛੋਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਪੁਲਿਸ ਸੱਦਣੀ ਪਈ। ਆਇਸ਼ੀ ਘੋਸ਼ ਦੇ ਸਿਰ 'ਚ ਸੱਟ ਲੱਗੀ ਹੈ। ਖੱਬੇਪੱਖੀ ਪ੍ਰਭਾਵ ਵਾਲੀ ਜਵਾਹਰ ਲਾਲ ਨਹਿਰੂ ਸਟੂਡੈਂਸ ਯੂਨੀਅਨ ਅਤੇ ਏਬੀਵੀਪੀ ਨੇ ਇਕ-ਦੂਜੇ 'ਤੇ ਹਿੰਸਾ ਤੇ ਮਾਰਕੁੱਟ ਕਰਨ ਦਾ ਦੋਸ਼ ਲਾਇਆ ਹੈ।