ਜਵਾਹਰਲਾਲ ਨਹਿਰੂ ਯੂਨੀਵਰਸਿਟੀ (JNU) ’ਚ ਐਤਵਾਰ ਨੂੰ ਹੋਈ ਹਿੰਸਾ ਵਿਰੁੱਧ ਵਿਦਿਆਰਥੀਆਂ ਨੇ ਅੱਜ ਦੁਪਹਿਰ ਨੂੰ ਕੈਂਪਸ ਦੇ ਅੰਦਰ ਹੀ ਮਾਰਚ ਸ਼ੁਰੂ ਕਰ ਦਿੱਤਾ ਹੈ। ਵਿਦਿਆਰਥੀ ਯੂਨੀਅਨ ਦੇ ਵਿਰੋਧ ਮਾਰਚ ਕਾਰਨ ਕੈਂਪਸ ਦੇ ਮੁੱਖ ਗੇਟ ਕੋਲ ਸੁਰੱਖਿਆ ਦੇ ਬਹੁਤ ਸਖ਼ਤ ਇੰਤਜ਼ਾਮ ਕੀਤੇ ਗਏ ਹਨ।
ਯੂਨੀਅਨ ਵੱਲੋਂ ਉਨ੍ਹਾਂ ਨਕਾਬਪੋਸ਼ ਗੁੰਡਿਆਂ ਵਿਰੁੱਧ ਰੋਸ ਮੁਜ਼ਾਹਰਾ ਤੇ ਮਾਰਚ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿਰੁੱਧ ਦਿੱਲੀ ਪੁਲਿਸ ਹੁਣ ਕੋਈ ਕੇਸ ਦਰਜ ਨਹੀਂ ਕਰਨਾ ਚਾਹੁੰਦੀ। ਉਨ੍ਹਾਂ ਨਕਾਬਪੋਸ਼ਾਂ ਨੇ ਡਾਂਗਾਂ ਨਾਲ ਚਾਰ ਘੰਟੇ ਤੱਕ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਸੀ ਤੇ ਬਹੁਤ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਤੱਕ ਨੂੰ ਕੁੱਟ–ਕੁੱਟ ਕੇ ਜ਼ਖ਼ਮੀ ਕਰ ਦਿੱਤਾ ਸੀ।
ਦਿੱਲੀ ਪੁਲਿਸ ਨੇ JNU ਵਿਦਿਆਰਥੀਆਂ ਨੂੰ ਕੈਂਪਸ ਤੋਂ ਮੰਡੀ ਹਾਊਸ ਤੱਕ ਮਾਰਚ ਦੀ ਇਜਾਜ਼ਤ ਨਹੀਂ ਦਿੱਤੀ। ਇਸ ਤੋਂ ਬਾਅਦ ਕੁਝ ਵਿਦਿਆਰਥੀਆਂ ਨੂੰ ਬੱਸ ਵਿੱਚ ਬਿਠਾ ਕੇ ਮੰਡੀ ਹਾਊਸ ਤੱਕ ਲਿਜਾਂਦਾ ਜਾ ਰਿਹਾ ਹੈ।
ਹਾਲੇ ਕੁੱਲ 10 ਬੱਸਾਂ ਵਿੱਚ ਵਿਦਿਆਰਥੀਆਂ ਨੂੰ ਲਿਜਾਂਦਾ ਜਾ ਰਿਹਾ ਹੈ; ਜਦ ਕਿ ਕੁਝ ਵਿਦਿਆਰਥੀ ਹਾਲੇ ਵੀ ਪੈਦਲ ਮਾਰਚ ਕਰਨ ’ਤੇ ਅੜੇ ਹੋਏ ਹਨ।
ਦਿੱਲੀ ਪੁਲਿਸ ਨੇ ਵਿਦਿਆਰਥੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਮੰਡੀ ਹਾਊਸ ਕੋਲ ਧਾਰਾ 144 ਲੱਗੀ ਹੋਈ ਹੈ।। ਇਸ ਲਈ ਵਿਦਿਆਰਥੀ ਉਸ ਪਾਸੇ ਨਾ ਜਾਣ। ਰੋਹ ’ਚ ਆਏ ਵਿਦਿਆਰਥੀ ਲਗਾਤਾਰ ਨਾਅਰੇਬਾਜ਼ੀ ਕਰ ਰਹੇ ਹਨ, ਗੀਤ ਗਾਏ ਜਾ ਰਹੇ ਹਨ।
ਖੱਬੇ–ਪੱਖੀ ਆਗੂ ਸੀਤਾਰਾਮ ਯੇਚੁਰੀ, ਡੀ. ਰਾਜਾ, ਵਰਿੰਦਾ ਕਰਤ, ਪ੍ਰਕਾਸ਼ ਕਰਤ ਤੋਂ ਇਲਾਵਾ ਸ਼ਰਦ ਯਾਦਵ ਜਿਹੇ ਕਈ ਆਗੂ ਵੀ ਵਿਦਿਆਰਥੀਆਂ ਦੇ ਇਸ ਪ੍ਰਦਰਸ਼ਨ ਵਿੱਚ ਪੁੱਜ ਗਏ ਹਨ।
ਵਿਦਿਆਰਥੀਆਂ ਦੀ ਮੰਗ ਹੈ ਕਿ JNU ਦੇ ਵਾਈਸ ਚਾਂਸਲਰ ਨੂੰ ਅਹੁਦੇ ਤੋਂ ਲਾਂਭੇ ਕੀਤਾ ਜਾਵੇ।