ਜਵਾਹਰਲਾਲ ਨਹਿਰੂ ਯੂਨੀਵਰਸਿਟੀ (JNU) ਦੇ ਵਿਦਿਆਰਥੀਆਂ ਨੇ ਅੱਜ ਸੋਮਵਾਰ ਨੂੰ ਸੰਸਦ ਤੱਕ ਮਾਰਚ ਸ਼ੁਰੂ ਕਰ ਦਿੱਤਾ। ਪੁਲਿਸ ਨੇ ਉਨ੍ਹਾਂ ਦਾ ਰਾਹ ਰੋਕ ਲਿਆ ਪਰ ਕੁਝ ਚਿਰ ਪਿੱਛੋਂ ਹੀ ਵਿਦਿਆਰਥੀਆਂ ਨੇ ਬੈਰੀਕੇਡ ਤੋੜ ਸੁੱਟੇ। ਪੁਲਿਸ ਨੇ ਵਾਟਰ ਕੈਨਨ ਤੇ ਹੋਰ ਇੰਤਜ਼ਾਮ ਵੀ ਕੀਤੇ ਹਨ।
ਇੱਥੇ ਵਰਨਣਯੋਗ ਹੈ ਕਿ ਵਿਦਿਆਰਥੀਆਂ ਦੇ ਨਾਲ ਅਧਿਆਪਕ ਵੀ ਇਸ ਰੋਸ ਮਾਰਚ ਵਿੱਚ ਸ਼ਾਮਲ ਹਨ। ਪ੍ਰਸ਼ਾਸਨ ਨੇ ਇਸ ਗੜਬੜੀ ਨੂੰ ਵੇਖਦਿਆਂ ਧਾਰਾ 144 ਲਾਗੂ ਕਰ ਦਿੱਤੀ ਹੈ।
ਯੂਨੀਵਰਸਿਟੀ ਦੇ ਵਿਦਿਆਰਥੀ ਫ਼ੀਸ ਵਾਧੇ, ਹੋਸਟਲ ਦੀ ਫ਼ੀਸ ਵਿੱਚ ਵਾਧੇ ਤੇ ਉੱਚ ਸਿੱਖਿਆ ਨੂੰ ਪ੍ਰਭਾਵਿਤ ਕਰਨ ਵਾਲੇ ਹੋਰ ਮੁੱਦਿਆਂ ਦੇ ਵਿਰੋਧ ਵਿੱਚ ਇਹ ਰੋਸ ਮਾਰਚ ਕੱਢ ਰਹੇ ਹਨ। ਇੱਥੇ ਇਹ ਵੀ ਵਰਨਣਯੋਗ ਹੈ ਕਿ ਸੰਸਦ ਦਾ ਸਰਦ–ਰੁੱਤ ਸੈਸ਼ਨ ਵੀ ਅੱਜ ਤੋਂ ਹੀ ਸ਼ੁਰੂ ਹੋਇਆ ਹੈ।
ਇਸ ਤੋਂ ਪਹਿਲਾਂ JNU ਵਿਦਿਆਰਥੀ ਯੂਨੀਅਨ ਨੇ ਕਿਹਾ ਹੈ ਕਿ ਜਦੋਂ ਦੇਸ਼ ਵਿੱਚ ਫ਼ੀਸ ਵਾਧਾ ਬਹੁਤ ਵੱਡੇ ਪੱਧਰ ਉੱਤੇ ਹੋ ਰਿਹਾ ਹੈ ਤਾਂ ਸਮੁੱਚੀ ਸਿੱਖਿਆ ਲਈ ਵਿਦਿਆਰਥੀ ਅੱਗੇ ਆਏ ਹਨ। ਅਸੀਂ ਸੰਸਦ ਦੇ ਸਰਦ–ਰੁੱਤ ਦੇ ਪਹਿਲੇ ਦਿਨ JNU ਤੋਂ ਸੰਸਦ ਤੱਕ ਕੱਢੇ ਜਾਣ ਵਾਲੇ ਮਾਰਚ ਵਿੱਚ ਸ਼ਾਮਲ ਹੋਣ ਲਈ ਸਾਰੇ ਵਿਦਿਆਰਥੀਆਂ ਨੂੰ ਸੱਦਾ ਭੇਜਦੇ ਹਾਂ।
JNU ਦੇ ਵਾਈਸ ਚਾਂਸਲਰ ਨੇ ਕੱਲ੍ਹ ਵਿਦਿਆਰਥੀਆਂ ਨੂੰ ਆਪਣੀਆਂ ਕਲਾਸਾਂ ਵਿੱਚ ਪਰਤਣ ਦੀ ਅਪੀਲ ਕੀਤੀ ਸੀ।