ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਹਿੰਸਾ ਦੀ ਜਾਂਚ 'ਚ ਜੁਟੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਹੁਣ ਤੱਕ 29 ਲੋਕਾਂ ਤੋਂ ਪੁੱਛਗਿੱਛ ਕੀਤੀ ਹੈ, ਜਦਕਿ 77 ਦੇ ਬਿਆਨ ਦਰਜ ਕੀਤੇ ਗਏ ਹਨ, ਪਰ ਜਾਂਚ 'ਚ ਜੁਟੀ ਐਸਆਈਟੀ ਕੋਲ ਪੱਕੇ ਸਬੂਤ ਨਾ ਹੋਣ ਕਾਰਨ ਅਜੇ ਤੱਕ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਕਈ ਮਾਮਲਿਆਂ 'ਚ ਐਸਆਈਟੀ ਫੋਰੈਂਸਿਕ ਜਾਂਚ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ, ਜਦਕਿ ਕਈਆਂ 'ਚ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਆਲਮ ਇਹ ਹੈ ਕਿ ਐਸਆਈਟੀ ਅਜੇ ਵੀ ਵਿਦਿਆਰਥੀਆਂ ਅਤੇ ਉਨ੍ਹਾਂ ਨਾਲ ਜੁੜੇ ਲੋਕਾਂ ਨੂੰ ਪੁੱਛਗਿੱਛ ਲਈ ਨੋਟਿਸ ਦੇ ਰਹੀ ਹੈ। ਕ੍ਰਾਈਮ ਬ੍ਰਾਂਚ ਦੇ ਸੂਤਰਾਂ ਅਨੁਸਾਰ ਜਾਂਚ ਦੇ ਦਾਇਰੇ 'ਚ ਜਿਨ੍ਹਾਂ ਨੂੰ ਰੱਖਿਆ ਗਿਆ ਹੈ, ਉਨ੍ਹਾਂ 'ਚੋਂ 11 ਦੇ ਮੋਬਾਈਲ ਹਾਲੇ ਵੀ ਬੰਦ ਹਨ। ਦੋ ਸ਼ੱਕੀ ਵੱਟਸਐਪ ਗਰੁੱਪਾਂ ਦੇ ਆਧਾਰ 'ਤੇ ਜਿਨ੍ਹਾਂ ਲੋਕਾਂ ਦੀ ਪਛਾਣ ਹੋਈ ਸੀ, ਉਨ੍ਹਾਂ 'ਚੋਂ ਕੁਝ ਦੇ ਮੋਬਾਈਲ ਬੰਦ ਹਨ।
ਦਲਅਸਲ ਦੋਵੇਂ ਵੱਟਸਐਪ ਗਰੁੱਪ ਘਟਨਾ ਦੇ ਸਮੇਂ ਹੀ ਬਣਾਏ ਗਏ ਸਨ। ਇਸ ਕਾਰਨ ਕਈ ਲੋਕ ਇੱਕ-ਦੂਜੇ ਨੂੰ ਨਹੀਂ ਜਾਣਦੇ। ਉੱਥੇ ਹੀ ਕਈਆਂ ਨੇ ਘਟਨਾ ਤੋਂ ਬਾਅਦ ਗਰੁੱਪ ਨੂੰ ਛੱਡ ਦਿੱਤਾ। ਪੁਲਿਸ ਦੇ ਅਨੁਸਾਰ ਹਿੰਸਾ ਦੇ ਸਮੇਂ ਬਣੇ 60 ਵੱਟਸਐਪ ਗਰੁੱਪਾਂ ਦੀ ਪਛਾਣ ਕੀਤੀ ਗਈ ਹੈ।
ਨਵੇਂ ਸੁਰਾਗ ਦੀ ਤਲਾਸ਼ :
ਪੁਲਿਸ ਸੂਤਰਾਂ ਦੇ ਅਨੁਸਾਰ ਜੇਐਨਯੂ ਵਿੱਚ ਬਹੁਤ ਸਾਰੀਆਂ ਵਿਡੀਓਜ਼ ਸਾਹਮਣੇ ਆਈਆਂ ਹਨ। ਕੁਝ ਵੀਡੀਓ ਬਾਅਦ 'ਚ ਵੀ ਮਿਲੀਆਂ ਹਨ, ਜਿਨ੍ਹਾਂ ਦੇ ਆਧਾਰ 'ਤੇ ਐਫਐਸਐਲ ਦੀ ਟੀਮ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਐਸਐਫਐਲ ਦੀ ਟੀਮ ਕੁਝ ਨਵੇਂ ਸੁਰਾਗ ਲੱਭ ਰਹੀ ਹੈ। ਵੀਡੀਓ ਫੁਟੇਜ਼ 'ਚ ਦਿਖਾਈ ਦੇਣ ਵਾਲੇ ਕੁਝ ਲੜਕਿਆਂ ਨੂੰ ਬੁਲਾ ਕੇ ਪੁੱਛਗਿੱਛ ਕਰਕੇ ਮੁਲਜ਼ਮਾਂ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਹੁਣ ਤੱਕ ਕੀ ਹੋਇਆ ?
ਜੇਐਨਯੂ ਹਿੰਸਾ ਮਾਮਲੇ ਵਿੱਚ ਵਿਦਿਆਰਥੀ, ਸੁਰੱਖਿਆ ਗਾਰਡਾਂ ਸਮੇਤ ਕੁੱਲ 37 ਲੋਕ ਜ਼ਖਮੀ ਹੋਏ ਸਨ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਸੀ।
ਪੁਲਿਸ ਨੇ ਹਿੰਸਾ ਲਈ ਤਿੰਨ ਵੱਖ-ਵੱਖ ਐਫਆਈਆਰ ਦਰਜ ਕੀਤੀਆਂ ਹਨ। ਦੋ ਜੇਐਨਯੂ ਪ੍ਰਸ਼ਾਸਨ ਵੱਲੋਂ ਦਿੱਤੀਆਂ ਸ਼ਿਕਾਇਤਾਂ 'ਤੇ, ਜਦਕਿ ਇੱਕ ਮਾਮਲਾ ਪੁਲਿਸ ਨੇ ਖੁਦ ਨੋਟਿਸ ਲੈਂਦਿਆਂ ਦਰਜ ਕੀਤਾ।
ਇਸ ਮਾਮਲੇ ਵਿੱਚ ਪੁਲਿਸ ਏਬੀਵੀਪੀ ਅਤੇ ਖੱਬੇਪੱਖੀ ਵਿਦੀਆਰਥੀ ਪਾਰਟੀਆਂ ਅਤੇ ਜੇਐਨਯੂ ਵੱਲੋਂ ਕੁਲ 11 ਸ਼ਿਕਾਇਤਾਂ ਦੀ ਜਾਂਚ ਕਰ ਰਹੀ ਹੈ। ਇਨ੍ਹਾਂ ਵਿੱਚੋਂ 29 ਤੋਂ ਪੁੱਛਗਿੱਛ ਕੀਤੀ ਗਈ ਹੈ, ਜਦੋਂ ਕਿ 77 ਦੇ ਬਿਆਨ ਦਰਜ ਕੀਤੇ ਗਏ ਹਨ। ਪੁਲਿਸ ਨੇ ਹਿੰਸਾ ਦੇ ਮਾਮਲੇ ਵਿੱਚ ਪੇਰੀਆਰ ਹੋਸਟਲ ਨੇੜੇ ਬੈਂਕ ਦੇ ਆਸਪਾਸ ਲੱਗੇ ਸੀਸੀਟੀਵੀ ਅਤੇ ਵਾਇਰਲ ਵੀਡੀਓ ਸਮੇਤ 25 ਫੁਟੇਜ਼ਾਂ ਦੀ ਜਾਂਚ ਕੀਤੀ ਹੈ।
ਹੁਣ ਤੱਕ 80 ਲੋਕਾਂ ਦੀ ਪੁਲਿਸ ਨੇ ਕਾਲ ਡਿਟੇਲ ਰਿਪੋਰਟ ਕੱਢੀ ਹੈ, ਜਿਸ ਦੇ ਅਧਾਰ 'ਤੇ ਲਗਭਗ 60 ਲੋਕਾਂ ਦੀ ਪਛਾਣ ਕੀਤੀ ਗਈ ਹੈ। ਪੁਲਿਸ ਨੇ ਘਟਨਾ ਦੇ ਦੌਰਾਨ ਬਣੇ ਦੋ ਸ਼ੱਕੀ ਵੱਟਸਐਪ ਗਰੁੱਪਾਂ ਦੀ ਵੀ ਪਛਾਣ ਕੀਤੀ ਹੈ।