ਭਾਜਪਾ ਨੂੰ ਸ੍ਰੀ ਅਮਿਤ ਸ਼ਾਹ ਦੀ ਥਾਂ ਅੱਜ ਸੋਮਵਾਰ ਨੂੰ ਨਵਾਂ ਕੌਮੀ ਪ੍ਰਧਾਨ ਮਿਲ ਸਕਦਾ ਹੈ। ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਡਾ ਦੇ ਇਸ ਅਹੁਦੇ ’ਤੇ ਬਿਨਾ ਮੁਕਾਬਲਾ ਚੁਣੇ ਜਾਣ ਦੀ ਆਸ ਹੈ। ਰਾਜਾਂ ਤੋਂ ਭਾਜਪਾ ਦੇ ਆਗੂਆਂ ਸਮੇਤ ਪਾਰਟੀ ਦੇ ਸੀਨੀਅਰ ਆਗੂਆਂ ਦੇ ਸ੍ਰੀ ਨੱਡਾ ਦੇ ਹੱਕ ਵਿੱਚ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਲਈ ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰਜ਼ ਪੁੱਜਣ ਦੀ ਆਸ ਹੈ।
ਸ੍ਰੀ ਨੱਡਾ ਭਾਜਪਾ ਪ੍ਰਧਾਨ ਦੇ ਅਹੁਦੇ ਲਈ ਲੰਮੇ ਸਮੇਂ ਤੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਸ੍ਰੀ ਅਮਿਤ ਸ਼ਾਹ ਦੀ ਪਹਿਲੀ ਪਸੰਦ ਵਜੋਂ ਵੇਖੇ ਜਾ ਰਹੇ ਹਨ। ਸ੍ਰੀ ਨੱਡਾ ਨੇ ਸਿਆਸਤ ਦੀ ਸ਼ੁਰੂਆਤ ਵਿਦਿਆਰਥੀ ਜੀਵਨ ਵੇਲੇ ਹੀ ਕਰ ਦਿੱਤੀ ਸੀ। ਸੰਗਠਨ ਵਿੱਚ ਉਨ੍ਹਾਂ ਦਾ ਦਹਾਕਿਆਂ ਪੁਰਾਣਾ ਤਜਰਬਾ, ਆਰਐੱਸਐੱਸ ਨਾਲ ਉਨ੍ਹਾਂ ਦੀ ਨੇੜਤਾ ਤੇ ਸਾਫ਼–ਸੁਥਰਾ ਅਕਸ ਉਨ੍ਹਾਂ ਦੀ ਤਾਕਤ ਹੈ।
ਸ੍ਰੀ ਸ਼ਾਹ ਨੇ ਕੱਲ੍ਹ ਐਤਵਾਰ ਸ਼ਾਮੀਂ ਕਈ ਕੇਂਦਰੀ ਮੰਤਰੀਆਂ ਤੇ ਭਾਜਪਾ ਦੀ ਸਰਕਾਰ ਵਾਲੇ ਸੂਬਿਆਂ ਦੇ ਮੁੱਖ ਮੰਤਰੀਆਂ ਸਮੇਤ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਇੱਕ ਮੀਟਿੰਗ ਕੀਤੀ ਸੀ। ਭਾਵੇਂ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਕਿ ਮੀਟਿੰਗ ਵਿੱਚ ਕੀ ਚਰਚਾ ਹੋਈ।
ਸੂਤਰਾਂ ਨੇ ਦੱਸਿਆ ਕਿ ਪਾਰਟੀ ਆਗੂਆਂ ਨੇ ਚੋਣ ਕਵਾਇਦ ਬਾਰੇ ਵਿਸਥਾਰਪੂਰਬਕ ਚਰਚਾ ਕੀਤੀ। ਭਾਜਪਾ ਦੇ ਸੀਨੀਅਰ ਆਗੂ ਰਾਧਾਮੋਹਨ ਸਿੰਘ ਪਾਰਟੀ ਦੀ ਜੱਥੇਬੰਦਕ ਚੋਣ ਪ੍ਰਕਿਰਿਆ ਦੇ ਇੰਚਾਰਜ ਹਨ। ਉਨ੍ਹਾਂ ਦੱਸਿਆ ਕਿ ਕੌਮੀ ਪ੍ਰਧਾਨ ਦੀ ਚੋਣ ਲਈ ਨਾਮਜ਼ਦਗੀ ਕਾਗਜ਼ 20 ਜਨਵਰੀ ਨੂੰ ਦਾਖ਼ਲ ਕੀਤੇ ਜਾਣਗੇ ਤੇ ਜ਼ਰੂਰੀ ਹੋਇਆ ਤਾਂ ਅਗਲੇ ਦਿਨ ਚੋਣ ਹੋਵੇਗੀ।
ਭਾਜਪਾ ਵਿੱਚ ਪ੍ਰਧਾਨ ਆਮ ਸਹਿਮਤੀ ਨਾਲ ਤੇ ਬਿਨਾ ਕਿਸੇ ਮੁਕਾਬਲੇ ਦੇ ਚੁਣੇ ਜਾਣ ਦੀ ਰਵਾਇਤ ਰਹੀ ਹੈ ਤੇ ਇਸ ਦੀ ਘੱਟ ਹੀ ਸੰਭਾਵਨਾ ਹੈ ਕਿ ਇਸ ਵਾਰ ਵੀ ਉਸ ਰਵਾਇਤ ਤੋਂ ਕੁਝ ਹਟ ਕੇ ਹੋਵੇਗਾ।
ਨਵੇਂ ਪ੍ਰਧਾਨ ਦੀ ਚੋਣ ਦੇ ਨਾਲ ਹੀ ਪਾਰਟੀ ਦੇ ਮੌਜੂਦਾ ਪ੍ਰਧਾਨ ਸ੍ਰੀ ਅਮਿਤ ਸ਼ਾਹ ਦਾ ਸਾਢੇ ਪੰਜ ਸਾਲਾਂ ਤੋਂ ਵੱਧ ਦਾ ਕਾਰਜਕਾਲ ਵੀ ਖ਼ਤਮ ਹੋ ਜਾਵੇਗਾ; ਜਿਸ ਦੌਰਾਨ ਭਾਜਪਾ ਨੇ ਦੇਸ਼ ਭਰ ’ਚ ਆਪਣੇ ਆਧਾਰ ਦਾ ਵਿਸਥਾਰ ਕੀਤਾ। ਸ੍ਰੀ ਸ਼ਾਹ ਦਾ ਕਾਰਜਕਾਲ ਭਾਜਪਾ ਲਈ ਚੋਣਾਂ ਦੇ ਪੱਖੋਂ ਸਭ ਤੋਂ ਵਧੀਆ ਰਿਹਾ। ਭਾਵੇਂ ਪਾਰਟੀ ਨੂੰ ਕੁਝ ਰਾਜ ਵਿਧਾਨ ਸਭਾ ਚੋਣਾਂ ’ਚ ਝਟਕੇ ਵੀ ਲੱਗੇ।
ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਵਿੱਚ ਸ੍ਰੀ ਸ਼ਾਹ ਦੇ ਗ੍ਰਹਿ ਮੰਤਰੀ ਬਣਨ ਤੋਂ ਬਾਅਦ ਭਾਜਪਾ ਨੇ ਉਨ੍ਹਾਂ ਦਾ ਉੱਤਰ–ਅਧਿਕਾਰੀ ਚੁਣਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਸੀ ਕਿਉਂਕਿ ਪਾਰਟੀ ਵਿੱਚ ‘ਇੱਕ ਵਿਅਕਤੀ, ਇੱਕ ਅਹੁਦਾ’ ਦੀ ਰਵਾਇਤ ਰਹੀ ਹੈ।