ਆਪਣੇ ਸੰਸਦੀ ਖੇਤਰ ਅਮੇਠੀ ਦੇ ਦੋ ਦਿਨਾਂ ਦੌਰੇ `ਤੇ ਪਹੁੰਚੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਇਕ ਵਾਰ ਫਿਰ ਰਾਫੇਲ ਮੁੱਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ `ਤੇ ਹਮਲਾ ਬੋਲਿਆ। ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਵਾਲੰਟੀਅਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਜੇ ਤਾਂ ਸਿਰਫ ਸ਼ੁਰੂਆਤ ਹੋਈ ਹੈ।
ਉਨ੍ਹਾਂ ਕਿਹਾ ਕਿ ਜਦੋਂ ਅਨਿਲ ਅੰਬਾਨੀ ਦੀ ਕੰਪਨੀ ਨਾਲ ਡੀਲ ਕਰਾਈ ਗਈ ਸੀ, ਤਾਂ ਉਦੋਂ ਕੰਪਨੀ ਨਹੀਂ ਬਣੀ ਸੀ। 10 ਦਿਨ ਪਹਿਲਾਂ ਕੰਪਨੀ ਬਣਵਾਈ ਗਈ ਅਤੇ ਫਿਰ ਵੀ ਉਨ੍ਹਾਂ ਨੂੰ ਕੰਟਰੈਕਟ ਦਿਵਾਇਆ ਗਿਆ।
ਸਮਾਚਾਰ ਏਜੰਸੀ ਆਈਏਐਨਐਸ ਅਨੁਸਾਰ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ 126 ਰਾਫੇਲ ਜਹਾਜ਼ ਫਰਾਂਸ ਤੋਂ ਖਰੀਦਣ ਲਈ ਸਮਝੌਤਾ ਕੀਤਾ ਸੀ। ਇਕ ਰਾਫੇਲ ਜਹਾਜ਼ ਦੀ ਕੀਮਤ 526 ਕਰੋੜ ਰੁਪਏ ਸੀ। ਹਿੰਦੁਸਤਾਨ ਏਰੋਨਾਟੀਕਸ ਲਿਮਟਿਡ (ਐਚਏਐਲ) ਨੂੰ ਉਸਦਾ ਕੰਟਰੈਕਟ ਦਿੱਤਾ ਗਿਆ ਸੀ, ਜਿਸ ਨਾਲ ਨੌਜਵਾਨਾਂ, ਇੰਜਨੀਅਰਾਂ ਨੂੰ ਰੁਜ਼ਾਗਰ ਮਿਲਦਾ।
ਰਾਹੁਲ ਨੇ ਕਿਹਾ ਕਿ ਦੇਸ਼ ਦੇ ਚੌਕੀਦਾਰ ਫਰਾਂਸ ਜਾਂਦੇ ਹਨ ਅਤੇ ਉਥੋਂ ਦੇ ਰਾਸ਼ਟਰਪਤੀ ਨਾਲ ਸੌਦਾ ਹੁੰਦਾ ਹੈ। ਮੋਦੀ ਕਹਿੰਦੇ ਹਨ ਕਿ ਐਚਏਐਲ ਨੂੰ ਛੱਡੋ, ਅਨਿਲ ਅੰਬਾਨੀ ਦੀ ਕੰਪਨੀ ਨੂੰ ਰਾਫੇਲ ਜਹਾਜ਼ ਖਰੀਦਣ ਦਾ ਕੰਟਰੈਕਟ ਦੇ ਦਿਓ ਅਤੇ ਉਨ੍ਹਾਂ 526 ਕਰੋੜ ਰੁਪਏ ਦੀ ਬਜਾਏ 1,600 ਕਰੋੜ ਰੁਪਏ `ਚ ਰਾਫੇਲ ਜਹਾਜ਼ ਖਰੀਦਿਆ।
ਇੱਧਰ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਰਾਫੇਲ ਡੀਲ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ `ਤੇ ਕੀਤੀ ਗਈ ਟਿੱਪਣੀ `ਤੇ ਅਮੇਠੀ `ਚ ਹੰਗਾਮਾ ਹੋ ਗਿਆ। ਭਾਜਪਾ ਵਰਕਰਾਂ ਨੇ ਜੰਮਕੇ ਪ੍ਰਦਰਸ਼ਨ ਕੀਤਾ ਜਿਸ `ਤੇ ਪੁਲਿਸ ਨੂੰ ਹਲਕਾ ਲਾਠੀਚਾਰਜ ਕਰਨਾ ਪਿਆ। ਭਾਜਪਾਈਆਂ ਨੇ ਅਮੇਠੀ `ਚ ਪ੍ਰਦਰਸ਼ਨ ਕਰਦੇ ਹੋਏ ਰਾਹੁਲ ਗਾਂਧੀ ਖਿਲਾਫ ਨਾਅਰੇਬਾਜ਼ੀ ਕੀਤੀ। ਭਾਜਪਾਈਆਂ ਨੂੰ ਹਟਾਉਣ ਲਈ ਪੁਲਿਸ ਨੂੰ ਲਾਠੀਚਾਰਜ ਵੀ ਕਰਨਾ ਪਿਆ।