ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਅੱਜ ਵੀਰਵਾਰ ਦੁਪਹਿਰ 3 ਵਜੇ ਭੋਪਾਲ ਪਹੁੰਚਣਗੇ। ਰਾਜਾ ਭੋਜ ਹਵਾਈ ਅੱਡੇ ਤੋਂ ਭਾਜਪਾ ਦਫ਼ਤਰ ਤੱਕ ਉਨ੍ਹਾਂ ਦਾ ਰੋਡ ਸ਼ੋਅ ਹੋਵੇਗਾ।
ਭਾਜਪਾ ਦਫ਼ਤਰ 'ਚ ਉਹ ਦੀਨਦਿਆਲ ਉਪਾਧਿਆਏ, ਵਿਜਯਾਰਾਜੇ ਸਿੰਧੀਆ, ਕੂਸ਼ਾਭਾਉ ਠਾਕਰੇ ਅਤੇ ਮਾਧਵ ਰਾਓ ਸਿੰਧੀਆ ਦੀ ਤਸਵੀਰ ਨੂੰ ਮੱਥਾ ਟੇਕਣਗੇ। ਇਸ ਤੋਂ ਬਾਅਦ ਭਾਜਪਾ ਦਫ਼ਤਰ 'ਚ ਜੋਤੀਰਾਦਿੱਤਿਆ ਸਿੰਧੀਆ ਲਈ ਇੱਕ ਸਵਾਗਤੀ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ। ਤੈਅ ਪ੍ਰੋਗਰਾਮ ਮੁਤਾਬਿਕ ਸ਼ੁੱਕਰਵਾਰ 13 ਮਾਰਚ ਦੁਪਹਿਰ 12 ਵਜੇ ਸਿੰਧੀਆ ਫਿਰ ਭਾਜਪਾ ਦਫ਼ਤਰ ਜਾਣਗੇ। ਇਸ ਤੋਂ ਬਾਅਦ ਉਹ ਰਾਜ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਵਿਧਾਨ ਸਭਾ ਭਵਨ 'ਚ ਜਾਣਗੇ।
ਦੱਸ ਦੇਈਏ ਕਿ 18 ਸਾਲ ਤੱਕ ਕਾਂਗਰਸ ਪਾਰਟੀ ਵਿੱਚ ਰਹਿਣ ਤੋਂ ਬਾਅਦ ਅਸਤੀਫਾ ਦੇ ਕੇ ਭਾਜਪਾ ਵਿੱਚ ਸ਼ਾਮਲ ਹੋਏ ਜੋਤੀਰਾਦਿੱਤਿਆ ਸਿੰਧੀਆ ਨੂੰ ਕੁਝ ਹੀ ਘੰਟਿਆਂ ਵਿੱਚ ਰਾਜ ਸਭਾ ਦੀ ਟਿਕਟ ਮਿਲ ਗਈ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਿੰਧੀਆ ਨੂੰ ਭਾਜਪਾ ਵੱਲੋਂ ਰਾਜ ਸਭਾ ਉਮੀਦਵਾਰ ਚੁਣੇ ਜਾਣ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ।
ਭਾਜਪਾ ਪ੍ਰਧਾਨ ਜੇ.ਪੀ. ਨੱਡਾ ਦੀ ਹਾਜ਼ਰੀ 'ਚ ਪਾਰਟੀ ਦੀ ਮੈਂਬਰਸ਼ਿਪ ਲੈਣ ਤੋਂ ਬਾਅਦ ਸਿੰਧੀਆ ਨੇ ਕਿਹਾ ਸੀ ਕਿ ਕਾਂਗਰਸ ਪਾਰਟੀ ਬਦਲ ਚੁੱਕੀ ਹੈ ਅਤੇ ਇਸ ਰਾਹੀਂ ਲੋਕਾਂ ਦੀ ਸੇਵਾ ਕਰਨਾ ਸੰਭਵ ਨਹੀਂ ਸੀ। ਸਿੰਧੀਆ ਦੀ ਬਗਾਵਤ ਤੋਂ ਬਾਅਦ ਮੱਧ ਪ੍ਰਦੇਸ਼ 'ਚ ਕਾਂਗਰਸ ਦੀ ਕਮਲਨਾਥ ਸਰਕਾਰ ਮੁਸੀਬਤ ਵਿੱਚ ਪੈ ਗਈ।