ਅਜਿਹੀ ਸੰਭਾਵਨਾ ਹੈ ਕਿ ਮਹਾਰਾਸ਼ਟਰ ਦੇ ਸਿਆਸੀ ਘਮਸਾਨ ਕਾਰਨ ਭਾਰਤੀ ਜਨਤਾ ਪਾਰਟੀ ਦਾ ਅਕਸ ਕੁਝ ਸੁਧਾਰਨ ਲਈ ਕੇਂਦਰ ਸਰਕਾਰ ਵੱਲੋਂ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦਾ ਤਬਾਦਲਾ ਕੀਤਾ ਜਾ ਸਕਦਾ ਹੈ। ਕੱਲ੍ਹ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਉੱਪ–ਮੁੱਖ ਮੰਤਰੀ ਅਜੀਤ ਪਵਾਰ ਦੇ ਅਸਤੀਫ਼ੇ ਤੋਂ ਬਾਅਦ ਭਾਜਪਾ ਨੂੰ ਕਾਫ਼ੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ।
ਸੂਤਰਾਂ ਮੁਤਾਬਕ ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ ਹੁਣ ਸ੍ਰੀ ਕੋਸ਼ਿਆਰੀ ਦੀ ਜਗ੍ਹਾ ਲੈ ਸਕਦੇ ਹਨ। ਕੇਂਦਰ ਸਰਕਾਰ ’ਚ ਮੌਜੂਦ ਨੇ ਇਸ ਦੀ ਪੁਸ਼ਟੀ ਆਪਣੇ ਪੱਧਰ ’ਤੇ ਕੀਤੀ ਹੈ। ਸ੍ਰੀ ਮਿਸ਼ਰਾ ਨੇ ਹਿਮਾਚਲ ਪ੍ਰਦੇਸ਼ ਤੋਂ ਤਬਾਦਲੇ ਪਿੱਛੋਂ ਬੀਤੀ 9 ਸਤੰਬਰ ਨੂੰ ਰਾਜਸਥਾਨ ਦੇ ਰਾਜਪਾਲ ਦਾ ਅਹੁਦਾ ਸੰਭਾਲਿਆ ਸੀ।
ਸ੍ਰੀ ਕਲਰਾਜ ਮਿਸ਼ਰਾ ਨੂੰ 22 ਜੁਲਾਈ ਨੂੰ ਹਿਮਾਚਲ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ। ਉੱਤਰ ਪ੍ਰਦੇਸ਼ ਦੇ ਸੀਨੀਅਰ ਆਗੂ ਕਲਰਾਜ ਮਿਸ਼ਰਾ ਰਾਜ ਤੇ ਕੇਂਦਰੀ ਮੰਤਰੀ ਰਹੇ ਹਨ। ਉਨ੍ਹਾਂ ਉੱਤਰ ਪ੍ਰਦੇਸ਼ ’ਚ ਪਾਰਟੀ ਮੁਖੀ ਵਜੋਂ ਸੇਵਾਵਾਂ ਦਿੱਤੀਆਂ ਹਨ ਤੇ ਰਾਸ਼ਟਰੀ ਮੀਤ ਪ੍ਰਧਾਨ ਵੀ ਰਹੇ ਹਨ।
ਸ੍ਰੀ ਕੋਸ਼ਿਆਰੀ ਨੇ ਉਤਰਾਖੰਡ ਦੇ ਮੁੱਖ ਮੰਤਰੀ ਤੇ ਰਾਜ ਸਭਾ ਮੈਂਬਰ ਵਜੋਂ ਸੇਵਾਵਾਂ ਦਿੱਤੀਆਂ ਹਨ। ਇੱਥੇ ਵਰਨਣਯੋਗ ਹੈ ਕਿ ਕਾਂਗਰਸ ਨੇ ਰਾਜਪਾਲ ਕੋਸ਼ਿਆਰੀ ਦੇ ਸੰਚਾਲਨ ਦੇ ਤਰੀਕੇ ਉੱਤੇ ਸੁਆਲ ਉਠਾਇਆ ਹੈ। ਪਾਰਟੀ ਦੇ ਬੁਲਾਰੇ ਮਨੀਸ਼ ਤਿਵਾੜੀ ਨੇ ਕਿਹਾ ਕਿ ਸੁਆਲ ਇਹ ਨਹੀਂ ਹੈ ਕਿ ਸੱਚਾਈ ਦੀ ਜਿੱਤ ਹੋਈ ਹੈ। ਅੱਜ ਵੱਡਾ ਸੁਆਲ ਇਹ ਹੈ ਕਿ ਮਾਣਯੋਗ ਸੁਪਰੀਮ ਕੋਰਟ ਉਨ੍ਹਾਂ ਤਰੀਕਿਆਂ ਨੂੰ ਵੇਖੇ, ਜਿਸ ਵਿੱਚ ਰਾਜਪਾਲ ਨੇ ਸਭ ਤੋਂ ਵੱਧ ਪੱਖਪਾਤੀ ਤਰੀਕਾ ਅਪਣਾਇਆ। ਉਨ੍ਹਾਂ ਸੰਵਿਧਾਨ, ਨਿਯਮ, ਕਾਨੂੰਨ, ਮਿਸਾਲ ਅਤੇ ਰਵਾਇਤਾਂ ਦੀ ਬਿਲਕੁਲ ਪਰਵਾਹ ਨਹੀਂ ਕੀਤੀ।
ਸ਼ਿਵ ਸੈਨਾ–NCP–ਕਾਂਗਰਸ ਗੱਠਜੋੜ ਵੱਲੋਂ ਦਾਇਰ ਪਟੀਸ਼ਨ ’ਤੇ ਸੁਪਰੀਮ ਕੋਰਟ ਵਿੱਚ ਬਹਿਸ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਅਤੇ ਵਕੀਲ ਕਪਿਲ ਸਿੱਬਲ ਨੇ ਰਾਜਪਾਲ ਉੱਤੇ ਪੱਖਪਾਤੀ ਤੇ ਮੰਦੀ–ਭਾਵਨਾ ਨਾਲ ਕੰਮ ਕਰਨ ਦਾ ਦੋਸ਼ ਲਾਇਆ ਸੀ ਤੇ ਉਸ ਨੂੰ ਸੁਪਰੀਮ ਕੋਰਟ ਵੱਲੋਂ ਸਥਾਪਤ ਕਾਨੂੰਨ ਦੇ ਉਲਟ ਦੱਸਿਆ ਸੀ।
ਕਾਂਗਰਸ ਦੇ ਇੱਕ ਨੇਤਾ ਨੇ ਇਹ ਵੀ ਕਿਹਾ ਸੀ ਕ ਰਾਜਪਾਲ ਦੀ ਸਥਿਤੀ ਦੇ ਮੱਦੇਨਜ਼ਰ ਰਾਸ਼ਟਰਪਤੀ ਨੂੰ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਤੁਰੰਤ ਬਦਲ ਦਿੱਤਾ ਜਾਣਾ ਚਾਹੀਦਾ ਹੈ। ਚੇਤੇ ਰਹੇ ਕਿ ਰਾਜਪਾਲ ਸ੍ਰੀ ਕੋਸ਼ਿਆਰੀ ਨੇ ਸਨਿੱਚਰਵਾਰ ਸਵੇਰੇ ਭਾਜਪਾ ਆਗੂ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਤੇ NCP ਦੇ ਅਜੀਤ ਪਵਾਰ ਨੂੰ ਉੱਪ–ਮੁੱਖ ਮੰਤਰੀ ਵਜੋਂ ਸਹੁੰ ਚੁਕਾਈ ਸੀ; ਜਦ ਕਿ ਉਸ ਵੇਲੇ ਸ਼ਿਵ ਸੈਨਾ–ਐੱਨਸੀਪੀ–ਕਾਂਗਰਸ ਦਾ ਗੱਠਜੋੜ ਆਪਣੀ ਸਰਕਾਰ ਬਣਾਉਣ ਦੀਆਂ ਤਿਆਰੀਆਂ ਕਰ ਰਿਹਾ ਸੀ।