ਵੀਰਵਾਰ ਰਾਤੀਂ 11:15 ਵਜੇ ਆਖ਼ਰ ਕਮਲ ਨਾਥ ਦੇ ਨਾਂਅ ਦਾ ਮੱਧ ਪ੍ਰਦੇਸ਼ ਦਾ ਨਵੇਂ ਮੁੱਖ ਮੰਤਰੀ ਵਜੋਂ ਐਲਾਨ ਕਰ ਦਿੱਤਾ ਗਿਆ। ਮੱਧ ਪ੍ਰਦੇਸ਼ ਕਾਂਗਰਸ ਵਿਧਾਇਕ ਪਾਰਟੀ ਨੇ ਉਨ੍ਹਾਂ ਨੂੰ ਆਪਣਾ ਨੇਤਾ ਚੁਣ ਲਿਆ। ਇਸ ਤੋਂ ਪਹਿਲਾਂ ਕਾਂਗਰਸ ਹਾਈ ਕਮਾਂਡ ਨੂੰ ਇਸ ਮਾਮਲੇ `ਤੇ ਪਾਰਟੀ ਪੱਧਰ `ਤੇ ਆਪਣੇ ਵਰਕਰਾਂ ਨੂੰ ਕਾਫ਼ੀ ਜਿ਼ਆਦਾ ਸਮਝਾਉਣਾ ਪਿਆ।
ਸ੍ਰੀ ਕਮਲ ਨਾਥ ਭਾਵੇਂ ਕਈ ਵਾਰ ਕੇਂਦਰ `ਚ ਮੰਤਰੀ ਰਹਿ ਚੁੱਕੇ ਹਨ ਪਰ ਨਵੰਬਰ 1984 ਦੇ ਸਿੱਖ ਕਤਲੇਆਮ `ਚ ਉਨ੍ਹਾਂ ਦੀ ਕਥਿਤ ਭੂਮਿਕਾ ਕਾਰਨ ਉਨ੍ਹਾਂ ਨੂੰ ਸਿਆਸੀ ਹਲਕਿਆਂ `ਚ ‘ਦਾਗ਼ੀ` ਮੰਨਿਆ ਜਾਂਦਾ ਹੈ।
ਇਸੇ ਕਰ ਕੇ ਪੰਜਾਬ `ਚ ਉਨ੍ਹਾਂ ਦੀ ਇਸ ਨਿਯੁਕਤੀ ਦਾ ਜ਼ੋਰਦਾਰ ਵਿਰੋਧ ਹੋ ਰਿਹਾ ਹੈ। ਸ਼੍ਰੋਮਣੀ਼ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਮਲ ਨਾਥ ਦੀ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਨਿਯੁਕਤੀ ਦਾ ਤਿੱਖਾ ਵਿਰੋਧ ਕੀਤਾ ਗਿਆ। ਹੁਣ ਇਹੋ ਆਖਿਆ ਜਾ ਰਿਹਾ ਹੈ ਕਿ ਕਮਲ ਨਾਥ ਨੂੰ ਉੱਚ ਅਹੁਦਾ ਬਖ਼ਸ਼ ਕੇ ਕਾਂਗਰਸ ਨੇ ਇੱਕ ਵਾਰ ਫਿਰ ਸਿੱਖਾਂ ਦੇ ਜ਼ਖ਼ਮਾਂ `ਤੇ ਲੂਣ ਛਿੜਕਣ ਵਾਲੀ ਗੱਲ ਕੀਤੀ ਹੈ।
ਪੰਜਾਬ ਕਾਂਗਰਸ ਨੂੰ ਛੱਡ ਕੇ ਬਾਕੀ ਦੀਆਂ ਲਗਭਗ ਸਾਰੀਆਂ ਪਾਰਟੀਆਂ ਕਮਲ ਨਾਥ ਦੀ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਨਿਯੁਕਤੀ ਦਾ ਵਿਰੋਧ ਕੀਤਾ ਹੈ।