ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰੀਮ ਲਾਲਾ ਨੇ ਘਸੁੰਨਾਂ ਤੇ ਠੁੱਡਿਆਂ ਨਾਲ ਕੁੱਟਿਆ ਸੀ ਦਾਊਦ ਇਬਰਾਹਿਮ ਨੂੰ

ਕਰੀਮ ਲਾਲਾ ਨੇ ਘਸੁੰਨਾਂ ਤੇ ਠੁੱਡਿਆਂ ਨਾਲ ਕੁੱਟਿਆ ਸੀ ਦਾਊਦ ਇਬਰਾਹਿਮ ਨੂੰ

ਮੁੰਬਈ ’ਚ ਅਪਰਾਧ–ਜਗਤ ਦਾ ਸਰਗਨਾ ਰਿਹਾ ਪਠਾਨ ਗਿਰੋਹ ਦਾ ਮੁਖੀ ਕਰੀਮ ਲਾਲ ਇੱਕ ਵਾਰ ਫਿਰ ਚਰਚਾ ਵਿੱਚ ਹੈ। ਦਰਅਸਲ, ਸ਼ਿਵ ਸੈਨਾ ਆਗੂ ਤੇ ਰਾਜ ਸਭਾ ਮੈਂਬਰ ਸੰਜੇ ਰਾਉਤ ਨੇ ਦਾਅਵਾ ਕੀਤਾ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਮੁੰਬਈ ’ਚ ਪੁਰਾਣੇ ਡੌਨ ਕਰੀਮ ਲਾਲਾ ਨੂੰ ਮਿਲਣ ਆਇਆ ਕਰਦੇ ਸਨ। ਮਹਾਰਾਸ਼ਟਰ ਤੋਂ ਲੈ ਕੇ ਦਿੱਲੀ ਤੱਕ ਦੀ ਸਿਆਸਤ ਵਿੱਚ ਸ੍ਰੀ ਰਾਉਤ ਦੇ ਇਸ ਬਿਆਨ ਨਾਲ ਘਮਸਾਨ ਮਚ ਗਿਆ ਹੈ।

 

 

ਹੁਣ ਦੱਸਿਆ ਜਾ ਰਿਹਾ ਹੈ ਕਿ ਕਰੀਮ ਲਾਲਾ ਨੇ ਇੱਕ ਵਾਰ ਡੀ ਕੰਪਨੀ ਦੇ ਸਰਗਨੇ ਦਾਊਦ ਇਬਰਾਹਿਮ ਨੂੰ ਘਸੁੰਨਾਂ ਤੇ ਠੁੱਡਿਆਂ ਨਾਲ ਬਹੁਤ ਬੁਰੀ ਤਰ੍ਹਾਂ ਕੁੱਟਿਆ ਸੀ। ਕਰੀਮ ਲਾਲਾ ਅਸਲ ’ਚ ਡੌਨ ਹਾਜੀ ਮਸਤਾਨ ਤੋਂ ਪਹਿਲਾਂ ਮੁੰਬਈ ’ਚ ਸਰਗਨਾ ਸੀ। ਕਰੀਮ ਲਾਲਾ ਦਾ ਅਸਲੀ ਨਾਂਅ ਅਬਦੁਲ ਕਰੀਮ ਸ਼ੇਰ ਖ਼ਾਨ ਸੀ।

 

 

ਕਰੀਮ ਲਾਲਾ ਅਫ਼ਗ਼ਾਨਿਸਤਾਨ ’ਚ ਪੈਦਾ ਹੋਇਆ ਸੀ। ਉਹ ਪਸ਼ਤੂਨ ਸੀ ਤੇ 21 ਸਾਲ ਦੀ ਉਮਰ ’ਚ ਉਹ ਕੰਮ ਦੀ ਭਾਲ਼ ’ਚ ਭਾਰਤ ਆਇਆ ਸੀ। ਸਾਲ 1930 ’ਚ ਉਹ ਪੇਸ਼ਾਵਰ ਤੋਂ ਬੰਬਈ (ਹੁਣ ਮੁੰਬਈ) ਪੁੱਜ ਕੇ ਉਸ ਨੇ ਛੋਟੇ–ਮੋਟੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਸਨ। ਉਸ ਨੇ ਸ਼ੁਰੂਆਤ ਕੁਲੀ ਵਜੋਂ ਕੀਤੀ ਸੀ।

 

 

ਕਰੀਮ ਲਾਲਾ ਦਾ ਆਪਣਾ ਪਰਿਵਾਰ ਤਾਂ ਉਸ ਵੇਲੇ ਕਾਫ਼ੀ ਅਮੀਰ ਹੁੰਦਾ ਸੀ ਪਰ ਉਸ ਦੇ ਮਨ ਵਿੱਚ ਸਦਾ ਹੋਰ ਧਨ ਕਮਾਉਣ ਦੀ ਇੱਛਾ ਲੱਗੀ ਰਹਿੰਦੀ ਸੀ। ਇਸੇ ਲਈ ਉਸ ਨੇ ਅਪਰਾਧ ਦੀ ਦੁਨੀਆ ’ਚ ਪੈਰ ਧਰਿਆ ਸੀ।

 

 

ਸਭ ਤੋਂ ਪਹਿਲਾਂ ਉਸ ਨੇ ਮੁੰਬਈ ਦੇ ਗ੍ਰਾਂਟ ਰੋਡ ਸਟੇਸ਼ਨ ਕੋਲ ਇੱਕ ਮਕਾਨ ਕਿਰਾਏ ’ਤੇ ਲੈ ਕੇ ਉਸ ਵਿੱਚ ‘ਸੋਸ਼ਲ ਕਲੱਬ’ ਦੇ ਨਾਂਅ ਨਾਲ ਜੂਏ ਦਾ ਇੱਕ ਅੱਡਾ ਖੋਲ੍ਹਿਆ ਸੀ। ਇਹ ਕਲੱਬ ਉਨ੍ਹੀਂ ਦਿਨੀਂ ਬਹੁਤ ਛੇਤੀ ਮਸ਼ਹੂਰ ਹੋ ਗਿਆ ਸੀ।

 

 

ਉਸ ਦੇ ਕਲੱਬ ਵਿੱਚ ਬਹੁਤ ਵੱਡੇ–ਵੱਡੇ ਸੇਠ ਜੂਆ ਖੇਡਣ ਆਉਂਦੇ ਸਨ। ਇੰਝ ਕਰੀਮ ਲਾਲਾ ਮੁੰਬਈ ਦੀ ਚਰਚਿਤ ਹਸਤੀ ਬਣ ਗਿਆ। ਉਸ ਨੇ ਮੁੰਬਈ ਦੀ ਬੰਦਰਗਾਹ ਉੱਤੇ ਕੀਮਤੀ ਗਹਿਣਿਆਂ ਤੇ ਹੀਰਿਆਂ ਦੀ ਸਮੱਗਲਿੰਗ ਦੇ ਧੰਦੇ ’ਚ ਵੀ ਹੱਥ ਅਜ਼ਮਾਇਆ। ਦੇਸ਼ ਦੇ ਆਜ਼ਾਦ ਹੋਣ ਤੋਂ ਪਹਿਲਾਂ ਹੀ ਕਰੀਮ ਲਾਲਾ ਨੇ ਬਹੁਤ ਪੈਸਾ ਕਮਾ ਲਿਆ ਸੀ।

 

 

ਮੁੰਬਈ ਪੁਲਿਸ ਦੇ ਹੈੱਡ ਕਾਂਸਟੇਬਲ ਇਬਰਾਹਿਮ ਕਾਸਕਰ ਦੇ ਦੋ ਪੁੱਤਰ ਦਾਊਦ ਇਬਰਹਿਮ ਕਾਸਕਰ (ਜੋ ਅੱਜ ਦਾਊਦ ਇਬਰਾਹਿਮ ਦੇ ਨਾਂਅ ਨਾਲ ਪ੍ਰਸਿੱਧ ਡੌਨ ਹੈ) ਤੇ ਸ਼ੱਬੀਰ ਇਬਰਾਹਿਮ ਕਾਸਕਰ ਤਦ ਹਾਜੀ ਮਸਤਾਨ ਗਿਰੋਹ ਨਾਲ ਜੁੜ ਗਏ ਸਨ। ਦੋਵਾਂ ਨੇ ਕਰੀਮ ਲਾਲਾ ਦੇ ਇਲਾਕੇ ਵਿੱਚ ਸਮੱਗਲਿੰਗ ਸ਼ੁਰੂ ਕਰ ਦਿੱਤੀ ਸੀ।

 

 

ਇਸੇ ਗੱਲ ਤੋਂ ਨਾਰਾਜ਼ ਹੋ ਕੇ ਕਰੀਮ ਲਾਲਾ ਨੇ ਦਾਊਦ ਇਬਰਾਹਿਮ ਨੂੰ ਫੜ ਕੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਸੀ। ਦਾਊਦ ਨੇ ਤਦ ਕਿਸੇ ਨਾ ਕਿਸੇ ਤਰ੍ਹਾਂ ਉੱਥੋਂ ਨੱਸ ਕੇ ਆਪਣੀ ਜਾਨ ਬਚਾਈ ਸੀ।

 

 

ਇੱਕ ਵਾਰ ਫਿਰ ਦਾਊਦ ਨੇ ਕਰੀਮ ਲਾਲਾ ਦੇ ਇਲਾਕੇ ’ਚ ਆਪਣਾ ਧੰਦਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ ਦਾਊਦ ਨੂੰ ਸਬਕ ਸਿਖਾਉਣ ਲਈ 1981 ’ਚ ਪਠਾਨ ਗਿਰੋਹ ਨੇ ਦਾਊਦ ਦੇ ਭਰਾ ਸ਼ੱਬੀਰ ਦਾ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਦਾਊਦ ਨੇ ਕਰੀਮ ਲਾਲਾ ਦੇ ਭਰਾ ਰਹੀਮ ਖ਼ਾਨ ਦੀ 1986 ’ਚ ਹੱਤਿਆ ਕਰ ਦਿੱਤੀ ਸੀ।

 

 

ਕਰੀਮ ਲਾਲਾ ਦਾ ਦੇਹਾਂਤ 90 ਸਾਲ ਦੀ ਉਮਰ ’ਚ 19 ਫ਼ਰਵਰੀ, 2002 ਨੂੰ ਹੋ ਗਿਆ ਸੀ।

 

 

ਦਾਊਦ ਇਬਰਾਹਿਮ ਇਸ ਵੇਲੇ ਭਾਰਤ ਸਰਕਾਰ ਲਈ 'ਮੋਸਟ ਵਾਂਟੇਡ' ਅਪਰਾਧੀ ਹੈ ਤੇ ਉਹ ਇਸ ਵੇਲੇ ਗੁਪਤ ਤਰੀਕੇ ਨਾਲ ਪਾਕਿਸਤਾਨ ਵਿੱਚ ਰਹਿ ਰਿਹਾ ਦੱਸਿਆ ਜਾਂਦਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Karim Lala beat severely Dawood Ibrahim