ਤੁਸੀਂ ਅਕਸਰ ਏਟੀਐਮ ਨਾਲ ਸਬੰਧਤ ਬਹੁਤ ਸਾਰੀਆਂ ਘਟਨਾਵਾਂ ਬਾਰੇ ਸੁਣਿਆ ਹੋਵੇਗਾ ਪਰ ਇਸ ਵਾਰ ਤੁਸੀਂ ਹੈਰਾਨ ਰਹਿ ਜਾਓਗੇ। ਕਰਨਾਟਕ 'ਚ ਇੱਕ ਅਜੀਬੋ-ਗਰੀਬ ਘਟਨਾ ਵਾਪਰੀ। ਇਥੇ ਬੁੱਧਵਾਰ ਨੂੰ ਕੈਨਰਾ ਬੈਂਕ ਦੇ ਏਟੀਐਮ 'ਚੋਂ 100 ਰੁਪਏ ਦੀ ਬਜਾਏ 500 ਰੁਪਏ ਦੇ ਨੋਟ ਨਿਕਲਣੇ ਸ਼ੁਰੂ ਹੋ ਗਏ। ਇਸ ਦੌਰਾਨ ਕਈ ਲੋਕਾਂ ਵੱਲੋਂ ਏਟੀਐਮ ਦੀ ਵਰਤੋਂ ਕੀਤੀ ਗਈ ਅਤੇ ਇਸ ਤਰ੍ਹਾਂ ਕੁਲ 1.70 ਲੱਖ ਰੁਪਏ ਕੱਢਵਾ ਲਏ ਗਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਏਟੀਐਮ 'ਚ ਨੋਟ ਪਾਉਣ ਵਾਲੀ ਏਜੰਸੀ ਦੀ ਗਲਤੀ ਕਾਰਨ ਅਜਿਹਾ ਹੋਇਆ ਹੈ।
ਕੋਡਾਗੂ ਦੇ ਪੁਲਿਸ ਮੁਖੀ ਸੁਮਨ ਡੀ ਪੇਨੇਕਰ ਨੇ ਏਜੰਸੀ ਨੂੰ ਦੱਸਿਆ, "ਏਟੀਐਮ ਵਿੱਚ ਪੈਸੇ ਪਾਉਣ ਵਾਲੀ ਏਜੰਸੀ ਨੇ ਮਸ਼ੀਨ ਦੀ ਟਰੇਅ 'ਚ 100 ਰੁਪਏ ਦੇ ਨੋਟਾਂ ਨੂੰ ਭਰਨ ਦੀ ਥਾਂ 500 ਰੁਪਏ ਦੇ ਨੋਟ ਭਰ ਦਿੱਤੇ ਸਨ, ਜਿਸ ਕਾਰਨ ਮਸ਼ੀਨ 'ਚੋਂ 1.70 ਲੱਖ ਰੁਪਏ ਕਢਵਾ ਲਏ ਗਏ।" ਪੇਨੇਕਰ ਨੇ ਕਿਹਾ ਕਿ ਕੋਡਾਗੂ ਜ਼ਿਲ੍ਹੇ ਦੇ ਮਦੀਕਰੀ ਸ਼ਹਿਰ 'ਚ ਸਥਿਤ ਏਟੀਐਮ 'ਚੋਂ ਜਦੋਂ ਵੀ ਕਿਸੇ ਗਾਹਕ ਨੇ 100 ਰੁਪਏ ਕਢਵਾਉਣ ਦੀ ਕੋਸ਼ਿਸ਼ ਕੀਤੀ ਤਾਂ ਮਸ਼ੀਨ 'ਚੋਂ 500 ਰੁਪਏ ਦੇ ਨੋਟ ਨਿਕਲੇ।
ਮਦੀਕਰੀ ਬੰਗਲੁਰੂ ਤੋਂ 268 ਕਿਲੋਮੀਟਰ ਦੱਖਣ-ਪੱਛਮ 'ਚ ਸਥਿਤ ਸ਼ਹਿਰ ਹੈ। ਬੈਂਕ ਨੇ ਇਸ ਘਟਨਾ ਬਾਰੇ ਪੁਲਿਸ ਨੂੰ ਸ਼ਿਕਾਇਤ ਨਹੀਂ ਦਿੱਤੀ ਹੈ। ਬੈਂਕ ਨੇ ਆਪਣੇ ਪਾਸਿਉਂ ਪੈਸੇ ਵਸੂਲਣ ਲਈ ਤਰੀਕੇ ਅਜਮਾਏ। ਬੈਂਕ ਨੇ ਉਨ੍ਹਾਂ ਲੋਕਾਂ ਦੀ ਪਛਾਣ ਕੀਤੀ, ਜਿਨ੍ਹਾਂ ਨੇ 500 ਰੁਪਏ ਦੇ ਨੋਟ ਕਢਵਾਏ ਸਨ। ਇਸ ਦੌਰਾਨ ਬੈਂਕ ਰੁਪਏ ਵਸੂਲਣ 'ਚ ਕਾਮਯਾਬ ਰਿਹਾ। ਬੈਂਕ ਵੱਲੋਂ ਹਾਲੇ ਦੋ ਵਿਅਕਤੀਆਂ ਤੋਂ 65000 ਰੁਪਏ ਵਸੂਲੇ ਜਾਣੇ ਬਾਕੀ ਹਨ।