ਭਾਰਤੀ ਸੁਰੱਖਿਆ ਏਜੰਸੀਆਂ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ। 15 ਸਾਲ ਤੋਂ ਫਰਾਰ ਅੰਡਰਵਰਲਡ ਡਾਨ ਰਵੀ ਪੁਜਾਰੀ ਨੂੰ ਅੱਜ ਐਤਵਾਰ ਨੂੰ ਸੈਨੇਗਲ ਤੋਂ ਭਾਰਤ ਲਿਆਂਦਾ ਜਾ ਸਕਦਾ ਹੈ।
ਦੱਸ ਦੇਈਏ ਕਿ ਰਵੀ ਪੁਜਾਰੀ ਨੂੰ ਪਿਛਲੇ ਮਹੀਨੇ ਅਫ਼ਰੀਕੀ ਦੇਸ਼ ਸੈਨੇਗਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਮੀਡੀਆ ਰਿਪੋਰਟਾਂ ਦੇ ਅਨੁਸਾਰ ਪੁਜਾਰੀ ਅਚਾਨਕ ਗ੍ਰਿਫ਼ਤਾਰ ਹੋਣ ਤੋਂ ਬਾਅਦ ਗਾਇਬ ਹੋ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਪੁਜਾਰੀ ਨੂੰ ਕਰਨਾਟਕ ਪੁਲਿਸ ਅਤੇ ਸੈਨੇਗਲ ਦੇ ਅਧਿਕਾਰੀਆਂ ਨੇ ਇੱਕ ਸਾਂਝੀ ਕਾਰਵਾਈ 'ਚ ਉੱਥੋਂ ਦੇ ਇੱਕ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਸੀ।
ਦੱਸ ਦੇਈਏ ਕਿ ਸੈਨੇਗਲ ਦੀ ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਹਵਾਲਗੀ ਦੇ ਵਿਰੁੱਧ ਪੁਜਾਰੀ ਦੀ ਪਟੀਸ਼ਨ ਰੱਦ ਕਰ ਦਿੱਤੀ ਸੀ। ਇਸ ਤੋਂ ਬਾਅਦ ਪੁਜਾਰੀ ਕੋਲ ਕੋਈ ਕਾਨੂੰਨੀ ਰਸਤਾ ਨਹੀਂ ਬਚਿਆ ਸੀ। ਰਵੀ ਪੁਜਾਰੀ ਲਗਭਗ 15 ਸਾਲਾਂ ਤੋਂ ਭਾਰਤ ਤੋਂ ਫ਼ਰਾਰ ਸੀ। ਪੁਲਿਸ ਉਸ ਨੂੰ ਫਿਰੌਤੀ, ਕਤਲ, ਬਲੈਕਮੇਲ ਅਤੇ ਧੋਖਾਧੜੀ ਨਾਲ ਜੁੜੇ ਕਈ ਮਾਮਲਿਆਂ ਵਿੱਚ ਤਲਾਸ਼ ਰਹੀ ਸੀ।
ਉਸ ਵਿਰੁੱਧ ਬਾਲੀਵੁੱਡ ਦੇ ਕਈ ਸਿਤਾਰਿਆਂ ਤੋਂ ਫਿਰੌਤੀ ਮੰਗਣ ਦੇ ਮਾਮਲੇ ਦਰਜ ਹਨ। ਉਸ ਵਿਰੁੱਧ ਲਗਭਗ 200 ਮਾਮਲਿਆਂ 'ਚ ਰੈਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਪਿਛਲੇ ਮਹੀਨੇ ਕਰਨਾਟਕ ਦੀ ਪੁਲਿਸ ਨੇ ਰਵੀ ਪੁਜਾਰੀ ਦੇ ਕਰੀਬੀ ਆਕਾਸ਼ ਸ਼ੈੱਟੀ ਨੂੰ ਗ੍ਰਿਫ਼ਤਾਰ ਕੀਤਾ ਸੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪੁਜਾਰੀ ਦੀ ਲੋਕੇਸ਼ਨ ਬੁਰਕੀਨਾ ਫਾਸੋ 'ਚ ਮਿਲੀ ਸੀ, ਜਿਸ ਦੇ ਬਾਅਦ ਉਸ ਨੂੰ ਟਰੈਕ ਕੀਤਾ ਗਿਆ ਅਤੇ ਸੈਨੇਗਲ ਤੋਂ ਫੜ ਲਿਆ ਗਿਆ। ਪਿਛਲੇ ਸਾਲ ਗੁਜਰਾਤ ਤੋਂ ਵਿਧਾਇਕ ਅਤੇ ਦਲਿਤ ਆਗੂ ਜਿਗਨੇਸ਼ ਮੇਵਾਨੀ ਨੇ ਇੱਕ ਪੁਲਿਸ ਸ਼ਿਕਾਇਤ ਦਰਜ ਕਰਵਾਈ ਸੀ ਕਿ ਰਵੀ ਪੁਜਾਰੀ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ।
ਰਵੀ ਪੁਜਾਰੀ ਕਿਸੇ ਸਮੇਂ ਛੋਟਾ ਰਾਜਨ ਲਈ ਕੰਮ ਕਰਦਾ ਸੀ। ਪਹਿਲਾਂ ਉਹ ਦੋਵੇਂ 1990 ਤੱਕ ਦਾਊਦ ਇਬਰਾਹਿਮ ਦੇ ਨਾਲ ਸਨ। ਛੋਟਾ ਰਾਜਨ ਨੂੰ ਨਵੰਬਰ 2015 'ਚ ਇੰਡੋਨੇਸ਼ੀਆ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਫਿਲਹਾਲ ਉਹ ਜੇਲ 'ਚ ਹੈ।