ਕਰਨਾਟਕ ’ਚ ਸਿਆਸੀ ਅਸਥਿਰਤਾ ਤੇ ਕਾਂਗਰਸ–ਜਨਤਾ ਦਲ (ਐੱਸ) ਸਰਕਾਰ ਦੀ ਬਹੁਤ ਖ਼ਰਾਬ ਹਾਲਤ ਦੇ ਬਾਵਜੂਦ ਸੂਬਾ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਅੱਜ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਿਹਾ ਹੈ। ਇੱਥੇ ਵਰਨਣਯੋਗ ਹੈ ਕਿ ਗੱਠਜੋੜ ਸਰਕਾਰ ਦੇ 16 ਵਿਧਾਇਕਾਂ ਨੇ ਅਸਤੀਫ਼ਾ ਦੇ ਦਿੱਤਾ ਹੈ।
ਰਾਜ ਵਿਧਾਨ ਸਭਾ ਦੇ ਸੈਸ਼ਨ ਦੀ ਸ਼ੁਰੂਆਤ ਅਕਾਲ–ਚਲਾਣਾ ਕਰ ਗਈਆਂ ਕਰਨਾਟਕ ਦੀਆਂ ਕੁਝ ਹਸਤੀਆਂ ਨੂੰ ਸ਼ਰਧਾਂਜਲੀ ਦੇਣ ਨਾਲ ਹੋਣ ਦੀ ਸੰਭਾਵਨਾ ਹੈ। ਪਿਛਲੇ ਸੈਸ਼ਨ ਦੇ ਬਾਅਦ ਤੋਂ ਫ਼ਿਲਮ ਅਦਾਕਾਰ, ਡਾਇਰੈਕਟਰ ਤੇ ਨਾਟਕਕਾਰ ਗਿਰੀਸ਼ ਕਰਨਾਡ ਦਾ ਦੇਹਾਂਤ ਹੋਇਆ ਹੈ।
ਇਸ ਤੋਂ ਪਹਿਲਾਂ ਕਾਂਗਰਸ ਦੇ 13 ਤੇ ਜਨਤਾ ਦਲ (ਐੱਸ) ਦੇ ਤਿੰਨ ਭਾਵ ਕੁੱਲ 16 ਵਿਧਾਇਕਾਂ ਦੇ ਅਸਤੀਫ਼ੇ ਦੇ ਚੱਲਦਿਆਂ ਸੂਬੇ ਵਿੱਚ ਇਨ੍ਹਾਂ ਦੋਵੇਂ ਪਾਰਟੀਆਂ ਦੀ ਗੱਠਜੋੜ ਸਰਕਾਰ ਡਿੱਗਣ ਕੰਢੇ ਪੁੱਜ ਗਈ ਹੈ। ਦੋ ਆਜ਼ਾਦ ਵਿਧਾਇਕਾਂ ਨੇ ਵੀ 13 ਮਹੀਨੇ ਪੁਰਾਣੀ ਐੱਚ.ਡੀ. ਕੁਮਾਰਸਵਾਮੀ ਦੀ ਅਗਵਾਈ ਹੇਠਲੀ ਸਰਕਾਰ ਤੋਂ ਹਮਾਇਤ ਵਾਪਸ ਲੈ ਲਈ ਹੈ।
ਇਸ ਦੌਰਾਨ ਕਾਂਗਰਸ ਤੋਂ ਬਾਅਦ ਜਨਤਾ ਦਲ (ਐੱਸ) ਨੇ ਵੀ ਕਿਹਾ ਹੈ ਕਿ ਉਸ ਨੇ ਵੀ ਵਿਧਾਨ ਸਭਾ ਦੇ ਸਪੀਕਰ ਨਾਲ ਸੰਪਰਕ ਕਰ ਕੇ ਆਪਣੇ ਤਿੰਨ ਬਾਗ਼ੀ ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਦੀ ਬੇਨਤੀ ਕੀਤੀ ਹੈ।
ਉੱਧਰ ਕੱਲ੍ਹ ਵੀਰਵਾਰ ਨੂੰ ਸੁਪਰੀਮ ਕੋਰਟ ਨੇ ਕਾਂਗਰਸ–ਜਨਤਾ ਦਲ (ਐੱਸ) ਦੇ 10 ਬਾਗ਼ੀ ਵਿਧਾਇਕਾਂ ਨੂੰ ਵਿਧਾਨ ਸਭਾ ਸਪੀਕਰ ਨੂੰ ਸ਼ਾਮੀਂ ਛੇ ਵਜੇ ਮੁਲਾਕਾਤ ਕਰਨ ਤੇ ਅਸਤੀਫ਼ਾ ਦੇਣ ਦੇ ਆਪਣੇ ਫ਼ੈਸਲੇ ਤੋਂ ਜਾਣੂ ਕਰਵਾਉਣ ਦੀ ਇਜਾਜ਼ਤ ਦਿੱਤੀ ਸੀ।