ਵਾਰਾਨਸੀ ਤੋਂ ਇੰਦੌਰ ਵਿਚਾਲੇ ਚੱਲਣ ਵਾਲੀ ਕਾਸ਼ੀ–ਮਹਾਕਾਲ ਐਕਸਪ੍ਰੈੱਸ ਅੱਜ 20 ਫ਼ਰਵਰੀ ਤੋਂ ਆਮ ਜਨਤਾ ਲਈ ਸ਼ੁਰੂ ਹੋ ਰਹੀ ਹੈ। ਇਹ ਰੇਲ–ਗੱਡੀ ਤਿੰਨ ਜਿਓਤਿਰਲਿੰਗ – ਓਂਕਾਰੇਸ਼ਵਰ (ਇੰਦੌਰ ਕੋਲ), ਮਹਾਕਾਲੇਸ਼ਵਰ (ਉੱਜੈਨ) ਅਤੇ ਕਾਸ਼ੀ ਵਿਸ਼ਵਨਾਥ (ਵਾਰਾਨਸੀ) ਨੂੰ ਜੋੜੇਗੀ। ਬੀਤੀ 16 ਫ਼ਰਵਰੀ ਨੁੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਸ਼ੀ–ਮਹਾਕਾਲ ਐਕਸਪ੍ਰੈੱਸ ਦਾ ਰਸਮੀ ਉਦਘਾਟਨ ਵਿਡੀਓ ਕਾੱਲਿੰਗ ਰਾਹੀਂ ਕੀਤਾ ਸੀ।
IRCTC ਦੀ ਇਹ ਕਾਰਪੋਰੇਟ ਰੇਲ–ਗੱਡੀ ਦੁਪਹਿਰ 2:45 ਵਜੇ ਰਵਾਨਾ ਹੋਵੇਗੀ ਤੇ ਅਗਲੇ ਦਿਨ ਸਵੇਰੇ 9:40 ਵਜੇ ਇੰਦੌਰ ਪੁੱਜੇਗੀ। ਮਹਾਕਾਲ ਦੇ ਪਹਿਲੇ ਯਾਤਰੀਆਂ ਨੂੰ IRCTC ਵੱਲੋਂ ਦਿਲਕਸ਼ ਤੋਹਫ਼ੇ ਵੀ ਦਿੱਤੇ ਜਾਣਗੇ। ਰੇਲ–ਗੱਡੀ ਦੀਆਂ 90 ਫ਼ੀ ਸਦੀ ਤੋਂ ਵੱਧ ਸੀਟਾਂ ਦੀ ਬੁਕਿੰਗ ਇੱਕ ਦਿਨ ਪਹਿਲਾਂ ਹੀ ਹੋ ਚੁੱਕੀ ਹੈ।
ਆਈਆਰਸੀਟੀਸੀ ਨੇ ਵਾਰਾਨਸੀ, ਅਯੁੱਧਿਆ, ਪ੍ਰਯਾਗਰਾਜ, ਇੰਦੌਰ, ਉੱਜੈਨ, ਭੋਪਾਲ ਦੇ ਧਾਰਮਿਕ ਤੇ ਸੈਰ–ਸਪਾਟਾ ਕੇਂਦਰਾਂ ਲਈ ਪੈਕੇਜ ਤਿਆਰ ਕੀਤਾ ਹੈ।
IRCTC ਦੇ ਟੂਰਿਜ਼ਮ ਅਤੇ ਮਾਰਕਿਟਿੰਗ ਮਾਮਲਿਆਂ ਦੇ ਡਾਇਰੈਕਟਰ ਰਜਨੀ ਹਸੀਜਾ ਨੇ ਦੱਸਿਆ ਕਿ ਇੰਦੌਰ, ਭੋਪਾਲ ਜਾਂ ਉੱਜੈਨ ਤੋਂ ਚੱਲ ਕੇ ਵਾਰਾਨਸੀ ਆਉਣ ਵਾਲੇ ਲੋਕਾਂ ਲਈ ਕੁੱਲ ਪੰਜ ਪੈਕੇਜ ਦੀ ਸ਼ੁਰੂਆਤ ਕੀਤੀ ਗਈ ਹੈ; ਜਦ ਕਿ ਵਾਰਾਨਸੀ, ਅਲਾਹਾਬਾਦ ਤੇ ਲਖਨਊ ਤੋਂ ਜਾਣ ਵਾਲੇ ਲੋਕਾਂ ਲਈ ਚਾਰ ਪੈਕੇਜ ਦਿੱਤੇ ਜਾ ਰਹੇ ਹਨ।
ਪੈਕੇਜ ਵਿੱਚ ਯਾਤਰੀਆਂ ਦੇ ਰੁਕਣ, ਖਾਣ–ਪੀਣ ਤੇ ਮੰਦਰਾਂ ਤੇ ਸੈਰ–ਸਪਾਟਾ ਕੇਂਦਰਾਂ ਉੱਤੇ ਜਾਣ ਦਾ ਇੰਤਜ਼ਾਮ ਰਹੇਗਾ। ਇਹ ਪੈਕੇਜ ਆੱਨਲਾਈਨ ਲਏ ਜਾ ਸਕਦੇ ਹਨ।
ਇਸ ਤੋਂ ਇਲਾਵਾ ਰੇਲ–ਗੱਡੀ ਵਿੱਚ ਸਫ਼ਰ ਕਰ ਰਹੇ ਹੋਰ ਯਾਤਰੀ ਵੀ ਜੇ ਚਾਹੁਣ, ਤਾਂ ਉਸੇ ਸਮੇਂ ਭੁਗਤਾਨ ਕਰ ਕੇ ਪੈਕੇਜ ਵਿੱਚ ਸ਼ਾਮਲ ਹੋ ਸਕਦੇ ਹਨ।