ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵੱਡੇ ਪੱਧਰ ਉੱਤੇ ਰੈਲੀਆਂ ਕਰ ਰਹੇ ਹਨ। ਅੱਜ ਮਹਾਰਾਸ਼ਟਰ ਦੇ ਚਿਖਲੀ ਵਿਖੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਲਾਂ ਤੋਂ ਸਾਡਾ ਸਟੈਂਡ ਰਿਹਾ ਹੈ ਕਿ ਕਸ਼ਮੀਰ ਮੁੱਦੇ ਉੱਤੇ ਅਸੀਂ ਕਿਸੇ ਵੀ ਦੇਸ਼ ਦਾ ਦਖ਼ਲ ਨਹੀਂ ਚਾਹੁੰਦੇ।
ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਵੇਂ ਉਹ ਅਮਰੀਕਾ ਦੇ ਰਾਸ਼ਟਰਪਤੀ ਹੋਣ ਤੇ ਚਾਹੇ ਕੋਈ ਹੋਰ; ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਸਪੱਸ਼ਟ ਕਿਹਾ ਹੈ ਕਿ ਕਸ਼ਮੀਰ ਸਾਡਾ ਅੰਦਰੂਨੀ ਮਾਮਲਾ ਹੈ ਤੇ ਅਸੀਂ ਇਸ ਉੱਤੇ ਕਿਸੇ ਦੇਸ਼ ਦਾ ਦਖ਼ਲ ਨਹੀਂ ਚਾਹੁੰਦੇ।
ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਐੱਨਸੀਪੀ–ਕਾਂਗਰਸ ਆਪਣੇ ਪਰਿਵਾਰ ਲਈ ਚੱਲਣ ਵਾਲੀ ਪਾਰਟੀ ਹੈ; ਜਦ ਕਿ ਭਾਜਪਾ ਦੇਸ਼ ਲਈ ਚੱਲਣ ਵਾਲੀ ਪਾਰਟੀ ਹੈ। ਮਹਾਰਾਸ਼ਟਰ ਦੀ ਜਨਤਾ ਨੇ ਤੈਅ ਕਰਨਾ ਹੈ ਕਿ ਉਨ੍ਹਾਂ ਨੂੰ ਕਿਹੋ ਜਿਹੀ ਪਾਰਟੀ ਦੀ ਸਰਕਾਰ ਚਾਹੀਦੀ ਹੈ।
ਸ੍ਰੀ ਸ਼ਾਹ ਨੇ ਕਿਹਾ ਕਿ ਜਦੋਂ ਧਾਰਾ–370 ਉੱਤੇ ਬਹਿਸ ਚੱਲ ਰਹੀ ਸੀ; ਤਦ ਕਾਂਗਰਸ ਦੇ ਆਗੂ ਗ਼ੁਲਾਮ ਨਬੀ ਆਜ਼ਾਦ ਕਹਿੰਦੇ ਸਨ ਕਿ ਧਾਰਾ–370 ਹਟਣ ਨਾਲ ਕਸ਼ਮੀਰ ਵਿੱਚ ਖ਼ੂਨ ਦੀਆਂ ਨਦੀਆਂ ਵਹਿ ਜਾਣਗੀਆਂ। ਪਰ ਅੱਜ ਮੈਂ ਕਾਂਗਰਸ ਦੇ ਆਗੂਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ 370 ਹਟਣ ਤੋਂ ਬਾਅਦ ਖ਼ੂਨ ਦੀਆਂ ਨਦੀਆਂ ਕੀ ਖ਼ੂਨ ਦੀ ਕਿਤੇ ਇੱਕ ਬੂੰਦ ਵੀ ਨਹੀਂ ਡੁੱਲ੍ਹੀ।
ਸ੍ਰੀ ਸ਼ਾਹ ਨੇ ਕਿਹਾ ਕਿ 70 ਸਾਲਾਂ ਤੋਂ ਅੱਤਵਾਦ ਕਾਰਨ ਕਸ਼ਮੀਰ ਵਿੱਚ 40 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ। ਇਸ ਦੇ ਬਾਵਜੂਦ ਕਾਂਗਰਸ ਅਤੇ ਐੱਨਸੀਪੀ ਆਪਣੀ ਵੋਟ ਬੈਂਕ ਦੀ ਸਿਆਸਤ ਲਈ ਧਾਰਾ 370 ਨੂੰ ਹਟਾਉਣ ਦਾ ਵਿਰੋਧ ਕਰਦੇ ਰਹੇ ਪਰ ਭਾਜਪਾ ਲਈ ਦੇਸ਼ ਦੀ ਸੁਰੱਖਿਆ, ਸਾਡੀਆਂ ਸਰਕਾਰਾਂ ਤੋਂ ਵੱਧ ਅਹਿਮ ਹੈ। ਇਸੇ ਲਈ ਅਸੀਂ ਧਾਰਾ 370 ਹਟਾਈ।