ਜੰਮੂ-ਕਸ਼ਮੀਰ ਵਿੱਚ ਪੋਸਟਪੇਡ ਮੋਬਾਈਲ ਫੋਨ ਸੇਵਾਵਾਂ ਅੱਜ ਸੋਮਵਾਰ ਤੋਂ ਬਹਾਲ ਕੀਤੀਆਂ ਜਾਣਗੀਆਂ, ਜਿਸ ਨਾਲ ਕਸ਼ਮੀਰ ਘਾਟੀ ਵਿੱਚ ਲਗਾਤਾਰ 71 ਦਿਨਾਂ ਲਈ ਲਗਾਈਆਂ ਗਈਆਂ ਪਾਬੰਦੀਆਂ ਨੂੰ ਵੱਡੀ ਢਿੱਲ ਦਿੱਤੀ ਜਾਵੇਗੀ। ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਸੀ ਕਿ ਸੋਮਵਾਰ 14 ਅਕਤੂਬਰ ਤੋਂ ਸਾਰੀਆਂ ਪੋਸਟਪੇਡ ਮੋਬਾਈਲ ਫੋਨ ਸੇਵਾਵਾਂ ਮੁੜ ਚਾਲੂ ਕਰ ਦਿੱਤੀਆਂ ਜਾਣਗੀਆਂ।
ਸਰਕਾਰੀ ਬੁਲਾਰੇ ਅਤੇ ਸੀਨੀਅਰ ਆਈਏਐਸ ਅਧਿਕਾਰੀ ਰੋਹਿਤ ਕਾਂਸਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਰੀਆਂ ਪੋਸਟਪੇਡ ਮੋਬਾਈਲ ਫੋਨ ਸੇਵਾਵਾਂ 14 ਅਕਤੂਬਰ ਨੂੰ ਦੁਪਹਿਰ 12 ਵਜੇ ਤੋਂ ਬਹਾਲ ਕੀਤੀਆਂ ਜਾਣਗੀਆਂ।
ਦੱਸ ਦੇਈਏ ਕਿ ਸ਼ਨੀਵਾਰ 12 ਅਕਤੂਬਰ ਨੂੰ ਫੋਨ ਸੇਵਾਵਾਂ ਬਹਾਲ ਕੀਤੀਆਂ ਜਾਣੀਆਂ ਸਨ ਪਰ ਆਖਰੀ ਸਮੇਂ ਚ ਕੁਝ ਤਕਨੀਕੀ ਸਮੱਸਿਆਵਾਂ ਕਾਰਨ ਇਹ ਫੈਸਲਾ ਮੁਲਤਵੀ ਕਰ ਦਿੱਤਾ ਗਿਆ ਸੀ।
ਹਾਲਾਂਕਿ, ਗਾਹਕਾਂ ਨੂੰ ਵਾਦੀ ਵਿਚ ਇੰਟਰਨੈਟ ਸੇਵਾਵਾਂ ਦੀ ਬਹਾਲੀ ਲਈ ਥੋੜ੍ਹਾ ਇੰਤਜ਼ਾਰ ਕਰਨਾ ਪਏਗਾ। ਸੂਬਾਈ ਪ੍ਰਸ਼ਾਸਨ ਮੋਬਾਈਲ ਫੋਨ ਸੇਵਾਵਾਂ ਨੂੰ ਬਹਾਲ ਕਰਨ ਲਈ ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ। ਇਸ ਸੇਵਾ ਦੇ ਮੁਅੱਤਲ ਹੋਣ ਕਾਰਨ ਵਾਦੀ ਚ ਤਕਰੀਬਨ 70 ਲੱਖ ਲੋਕ ਪ੍ਰਭਾਵਤ ਹੋਏ ਹਨ ਅਤੇ ਇਸ ਦੀ ਸਖ਼ਤ ਅਲੋਚਨਾ ਹੋਈ।
ਦਰਅਸਲ ਕੇਂਦਰ ਵੱਲੋਂ ਜੰਮੂ-ਕਸ਼ਮੀਰ ਦੀ ਵਿਸ਼ੇਸ਼ ਸਥਿਤੀ ਖ਼ਤਮ ਕਰਨ ਦਾ ਫੈਸਲਾ ਲੈਣ ਤੋਂ ਬਾਅਦ ਮੋਬਾਈਲ ਸੇਵਾ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਪਹਿਲਾਂ ਸਿਰਫ ਬੀਐਸਐਨਐਲ ਸੇਵਾਵਾਂ ਬਹਾਲ ਕਰਨ ਦੀ ਯੋਜਨਾ ਬਣਾਈ ਗਈ ਸੀ ਅਤੇ ਬਾਅਦ ਵਿਚ ਇਹ ਫੈਸਲਾ ਲਿਆ ਗਿਆ ਸੀ ਕਿ ਨਿਜੀ ਦੂਰਸੰਚਾਰ ਆਪ੍ਰੇਟਰਾਂ ਦੀਆਂ ਸੇਵਾਵਾਂ 'ਤੇ ਸਿਰਫ ਆਉਣ ਵਾਲੀਆਂ ਕਾਲਾਂ ਸ਼ੁਰੂ ਕਰਨੀਆਂ ਹਨ। ਪੋਸਟ ਪੇਡ ਮੋਬਾਈਲ ਸੇਵਾ ਲਈ ਖਪਤਕਾਰਾਂ ਨੂੰ ਸਹੀ ਢੰਗ ਨਾਲ ਤਸਦੀਕ ਕਰਨਾ ਪਵੇਗਾ।
ਵਾਦੀ ਵਿਚ 66 ਲੱਖ ਮੋਬਾਈਲ ਗਾਹਕ ਹਨ, ਜਿਨ੍ਹਾਂ ਵਿਚੋਂ ਲਗਭਗ 4 ਮਿਲੀਅਨ ਖਪਤਕਾਰਾਂ ਨੂੰ ਪੋਸਟ ਪੇਡ (ਬਿੱਲ ਵਾਲਾ ਫ਼ੋਨ) ਦੀ ਸਹੂਲਤ ਹੈ। ਇਹ ਫੈਸਲਾ ਵਾਦੀ ਸੈਲਾਨੀਆਂ ਲਈ ਖੋਲ੍ਹਣ ਦੇ ਦੋ ਦਿਨਾਂ ਬਾਅਦ ਆਇਆ ਹੈ। ਸੈਰ-ਸਪਾਟਾ ਸੰਗਠਨਾਂ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਕਿ ਜੇ ਮੋਬਾਈਲ ਫੋਨ ਕੰਮ ਨਹੀਂ ਕਰੇਗਾ ਤਾਂ ਕੋਈ ਵੀ ਯਾਤਰੀ ਵਾਦੀ ਵਿੱਚ ਨਹੀਂ ਆਉਣਾ ਚਾਹੇਗਾ।
ਲੈਂਡਲਾਈਨ ਸੇਵਾ 17 ਅਗਸਤ ਨੂੰ ਅੰਸ਼ਕ ਰੂਪ ਵਿੱਚ ਬਹਾਲ ਕੀਤੀ ਗਈ ਸੀ ਅਤੇ 4 ਸਤੰਬਰ ਤੱਕ ਸਾਰੇ 50,000 ਲੈਂਡਲਾਈਨਜ਼ ਨੂੰ ਬਹਾਲ ਕਰਨ ਦਾ ਐਲਾਨ ਕੀਤਾ ਗਿਆ ਸੀ। ਜੰਮੂ ਵਿਚ ਸੰਚਾਰ ਕੁਝ ਦਿਨਾਂ ਵਿਚ ਹੀ ਬਹਾਲ ਹੋ ਗਿਆ ਸੀ ਅਤੇ ਅਗਸਤ ਦੇ ਅੱਧ ਵਿਚ ਮੋਬਾਈਲ ਇੰਟਰਨੈਟ ਸੇਵਾ ਵੀ ਸ਼ੁਰੂ ਕੀਤੀ ਗਈ ਸੀ। ਹਾਲਾਂਕਿ, ਦੁਰਵਰਤੋਂ ਤੋਂ ਬਾਅਦ, 18 ਅਗਸਤ ਨੂੰ ਮੋਬਾਈਲ ਫੋਨਾਂ 'ਤੇ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਗਈ ਸੀ।