ਪੀਡੀਪੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਕਿਹਾ ਹੈ ਕਿ ਕਸ਼ਮੀਰ ਮੁੱਦੇ ਦਾ ਹੱਲ ਹਿੰਸਾ ਅਤੇ ਖੂਨ ਵਹਾਉਣ ਦੀ ਥਾਂ ‘ਕਰਤਾਰਪੁਰ ਵਰਗੀ ਪਹਿਲ’ ਦੁਆਰਾ ਕੀਤਾ ਜਾ ਸਕਦਾ ਹੈ। ਪੀਪਲਜ਼ ਡੈਮੋਕ੍ਰੈਟਿਕ ਪਾਰਟੀ (ਪੀਡੀਪੀ) ਮੁਖੀ ਨੇ ਕਿਹਾ ਕਿ ਜੰਮੂ-ਕਸ਼ਮੀਰ ਸਮੱਸਿਆ ਦੇ ਹੱਲ ਲਈ ਹਿੰਮਤ, ਇਮਾਨਦਾਰੀ ਅਤੇ ਮਨੁੱਖੀ ਪਹਿਲ ਦੀ ਲੋੜ ਹੈ। ਮੁੰਬਈ ਹਮਲਾ (2008) ਦੇ 10 ਸਾਲ ਪੂਰੇ ਹੋਣ ਮੌਕੇ ਅੱਜ 26 ਨਵੰਬਰ 2018 ਨੂੰ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣ ਦਾ ਗਵਾਹ ਬਣਨਾ ਬੇਹੱਦ ਖ਼ਾਸ ਹੈ।
ਮਹਿਬੂਬਾ ਨੇ ਬਿਆਨ ਚ ਅੱਗੇ ਕਿਹਾ ਕਿ ਪਾਕਿਸਤਾਨ ਦੁਆਰਾ ਲਿਆ ਗਿਆ ਫੈਸਲਾ ਸ਼ਲਾਘਾਯੋਗ ਹੈ ਅਤੇ ਸਾਡੀ ਅਗਵਾਈ ਨੇ ਵੀ ਉਹੀਂ ਪਹਿਲ ਅਤੇ ਸਿਆਸੀ ਗੰਭੀਰਤਾ ਦਿਖਾਈ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਫੈਸਲਾ ਕਰਕੇ ਦੇਸ਼ ਦੀ ਲੀਡਰਸਿ਼ੱਪ ਨੇ ਸਿਆਸੀ ਗੰਭੀਰਤਾ ਦਾ ਪ੍ਰਦਰਸ਼ਨ ਕੀਤਾ ਹੈ ਉਹ ਵੀ ਉਸ ਸਮੇਂ ਜਦੋਂ ਦੇਸ਼ ਚ ਕੁੱਝ ਸੂਬਿਆਂ ਚ ਚੋਣਾਂ ਹੋ ਰਹੀਆਂ ਹਨ।
ਪਾਕਿਸਤਾਨ ਚ ਕਰਤਾਰਪੁਰ ਸਾਹਿਬ, ਭਾਰਤ ਦੇ ਪੰਜਾਬ ਦੇ ਗੁਰਦਾਸਪੁਰ ਜਿ਼ਲ੍ਹੇ ਦੇ ਡੇਰਾ ਬਾਬਾ ਨਾਨਕ ਧਾਰਮਿਕ ਸਥਾਨ ਤੋਂ ਲਗਭਗ 4 ਕਿਲੋਮੀਟਰ ਦੂਰ ਰਾਵੀ ਦਰਿਆ ਕੋਲ ਸਥਿਤ ਹੈ। ਇਹ ਗੁਰਦੁਆਰਾ 1522 ਚ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਨੇ ਸਥਾਪਿਤ ਕੀਤਾ ਸੀ। ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪਣਾ ਆਖਰੀ ਸਮਾਂ ਇੱਥੇ ਹੀ ਬਤੀਤ ਕੀਤਾ ਸੀ।
ਦੱਸਣਯੋਗ ਹੈ ਕਿ ਉਪ ਰਾਸ਼ਟਰਪਤੀ ਵੈਂਕੱਈਆ ਨਾਇਡੂ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦਾ ਅੱਜ ਨੀਂਹ ਪੱਥਰ ਰੱਖਿਆ। ਸਮਾਗਮ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਤੋਂ ਇਲਾਵਾ ਕੇਂਦਰੀ ਮੰਤਰੀ ਨਿਤਿਨ ਗਡਕਰੀ, ਹਰਸਿਮਰਤ ਕੌਰ ਬਾਦਲ ਸਮੇਤ ਕਈ ਹੋਰ ਮੰਤਰੀ ਅਤੇ ਅਕਾਲੀ-ਭਾਜਪਾ ਗਠਜੋੜ ਦੇ ਕਈ ਆਗੂ ਹਾਜ਼ਰ ਰਹੇ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਰਤਾਰਪੁਰ ਲਾਂਘੇ ਲਈ ਪੀਐਮ ਨਰਿੰਦਰ ਮੋਦੀ ਅਤੇ ਪਾਕਿਸਤਾਨੀ ਪੀਐਮ ਇਮਰਾਨ ਖ਼ਾਨ ਦਾ ਸ਼ੁੱਕਰਾਨਾ ਅਦਾ ਕੀਤਾ।