ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਪਰੀਮ ਕੋਰਟ `ਚ ਧਾਰਾ 35ਏ `ਤੇ ਸੁਣਵਾਈ ਤੋਂ ਪਹਿਲਾਂ ਕਸ਼ਮੀਰ `ਚ ਆਮ ਜਨਜੀਵਨ ਠੱਪ

ਸੁਪਰੀਮ ਕੋਰਟ `ਚ ਧਾਰਾ 35ਏ `ਤੇ ਸੁਣਵਾਈ ਤੋਂ ਪਹਿਲਾਂ ਕਸ਼ਮੀਰ `ਚ ਆਮ ਜਨਜੀਵਨ ਠੱਪ

--  ਅਮਰਨਾਥ ਯਾਤਰਾ ਵੀ ਰੁਕੀ

 

ਸੋਮਵਾਰ ਨੂੰ ਸੰਵਿਧਾਨ ਦੀ ਧਾਰਾ 35ਏ `ਤੇ ਸੁਣਵਾਈ ਦੇ ਵਿਰੋਧ `ਚ ਬੰਦ ਦੇ ਸੱਦਿਆਂ ਕਾਰਨ ਅੱਜ ਸਮੁੱਚੀ ਕਸ਼ਮੀਰ ਵਾਦੀ `ਚ ਆਮ ਜਨਜੀਵਨ ਠੱਪ ਹੋ ਕੇ ਰਹਿ ਗਿਆ। ਇਨ੍ਹਾਂ ਸੱਦਿਆਂ ਨੂੰ ਇੰਨਾ ਜਿ਼ਆਦਾ ਭਰਪੂਰ ਹੁੰਗਾਰਾ ਮਿਲਣ ਦੀ ਆਸ ਕਿਸੇ ਨੂੰ ਵੀ ਨਹੀਂ ਸੀ। ਸੰਵਿਧਾਨ ਦੀ ਧਾਰਾ 35 ਏ ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਬਹੁਤ ਸਾਰੀਆਂ ਪਟੀਸ਼ਨਾਂ ਸੁਪਰੀਮ ਕੋਰਟ ਦੇ ਜ਼ੇਰੇ ਗ਼ੌਰ ਹਨ ਤੇ ਇਨ੍ਹਾਂ `ਤੇ ਸੁਣਵਾਈ ਭਲਕੇ ਤੋਂ ਸ਼ੁਰੂ ਹੋਣੀ ਹੈ। ਇਸੇ ਧਾਰਾ ਦੇ ਆਧਾਰ `ਤੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ, ਰਿਆਇਤਾਂ ਤੇ ਸਹੂਲਤਾਂ ਮਿਲਦੀਆਂ ਹਨ।


ਅੱਜ ਜੰਮੂ-ਕਸ਼ਮੀਰ ਦੀ (ਗਰਮੀਆਂ ਦੀ) ਰਾਜਧਾਨੀ ਸ੍ਰੀਨਗਰ ਦੀਆਂ ਸੜਕਾਂ ਪੂਰੀ ਤਰ੍ਹਾਂ ਸੁੰਨੀਆਂ ਵਿਖਾਈ ਦਿੱਤੀਆਂ, ਸਾਰੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ। ਕੋਈ ਵਾਹਨ ਵੀ ਸੜਕਾਂ `ਤੇ ਵਿਖਾਈ ਨਹੀਂ ਦਿੱਤਾ। ਨਾਜ਼ੁਕ ਇਲਾਕਿਆਂ `ਚ ਭਾਰੀ ਗਿਣਤੀ `ਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ।


ਸਥਾਨਕ ਨਾਗਰਿਕਾਂ ਦਾ ਕਹਿਣਾ ਹੈ ਕਿ ਅੱਗੇ ਆਟੋ ਰਿਕਸ਼ੇ ਜ਼ਰੂਰ ਬੰਦ ਦੇ ਸੱਦਿਆਂ ਦੌਰਾਨ ਵੀ ਚੱਲਦੇ ਰਹਿੰਦੇ ਹਨ ਪਰ ਅੱਜ ਤਾਂ ਉਹ ਵੀ ਸੜਕਾਂ `ਤੇ ਵਿਖਾਈ ਨਹੀਂ ਦਿੱਤੇ। ਪਿਛਲੇ 30 ਵਰ੍ਹਿਆਂ ਦੌਰਾਨ ਅਜਿਹਾ ਬੰਦ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ।


ਜੰਮੂ-ਕਸ਼ਮੀਰ ਦੇ ਆਮ ਨਾਗਰਿਕਾਂ `ਚ ਅਜਿਹਾ ਖ਼ਦਸ਼ਾ ਪਾਇਆ ਜਾ ਰਿਹਾ ਹੈ ਕਿ ਸ਼ਾਇਦ ਹੁਣ ਜੰਮੂ-ਕਸ਼ਮੀਰ ਨੂੰ ਮਿਲਿਆ ਵਿਸ਼ੇਸ਼ ਰੁਤਬਾ ਵਾਪਸ ਲਿਆ ਜਾ ਰਿਹਾ ਹੈ। ਰੋਹ `ਚ ਆਏ ਕਾਰੋਬਾਰੀਆਂ ਨੇ ਸ੍ਰੀਨਗਰ ਦੇ ਐਨ ਵਿਚਕਾਰ ਰੋਸ ਮੁਜ਼ਾਹਰਾ ਤੇ ਰੈਲੀ ਕੀਤੀ। ਉਹ ਸਭ ਧਾਰਾ 35ਏ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਖਾਨੀ ਦੀ ਸੰਭਾਵਨਾ ਦਾ ਵਿਰੋਧ ਕਰ ਰਹੇ ਹਨ।


ਸਰਕਾਰ ਨੇ ਬੰਦ ਦੇ ਸੱਦੇ ਕਾਰਨ ਅਹਿਤਿਆਤ ਵਜੋਂ ਜੰਮੂ ਤੋਂ ਕਸ਼ਮੀਰ ਜਾਣ ਵਾਲੀ ਅਮਰਨਾਥ ਯਾਤਰਾ ਵੀ ਰੁਕਵਾ ਦਿੱਤੀ ਹੈ। ਬੰਦ ਨੂੰ ਆਮ ਜਨਤਾ ਦੇ ਨਾਲ-ਨਾਲ ਵਪਾਰੀਆਂ, ਟਰਾਂਸਪੋਰਟ ਤੇ ਸੈਰ-ਸਪਾਟੇ ਨਾਲ ਸਬੰਧਤ ਇਕਾਈਆਂ ਤੇ ਸੰਗਠਨਾਂ ਦਾ ਮੁਕੰਮਲ ਸਮਰਥਨ ਹਾਸਲ ਹੈ।


5 ਤੇ 6 ਅਗਸਤ ਦੇ ਦੋ ਦਿਨਾ ਬੰਦ ਦਾ ਇਹ ਸੱਦਾ ‘ਜੁਆਇੰਟ ਰਜਿ਼ਸਟੈਂਸ ਲੀਡਰਸਿ਼ਪ` (ਜੇਆਰਐੱਲ) ਦੇ ਬੈਨਰ ਹੇਠ ਵੱਖਵਾਦੀ ਆਗੂਆਂ ਸਈਦ ਅਲੀ ਗਿਲਾਨੀ, ਮੀਰਵਾਇਜ਼ ਉਮਰ ਫ਼ਾਰੂਕ ਤੇ ਯਾਸੀਨ ਮਲਿਕ ਵੱਲੋਂ ਦਿੱਤਾ ਗਿਆ ਸੀ। ਇਨ੍ਹਾਂ ਆਗੂਆਂ ਨੇ ਇਹ ਸੱਦਾ ਦਿੰਦਿਆਂ ਦੋਸ਼ ਲਾਇਆ ਸੀ ਕਿ - ‘‘ਭਾਜਪਾ ਤੇ ਆਰਐੱਸਐੱਸ ਸੂਬੇ `ਚ ਆਬਾਦੀ ਅਨੁਪਾਤ ਬਦਲਣ ਦੇ ਜਤਨ ਕਰ ਰਹੀਆਂ ਹਨ।``


ਇਨ੍ਹਾਂ ਵੱਖਵਾਦੀ ਆਗੂਆਂ ਨੇ ਅੱਜ ਫਿਰ ਸੂਬੇ ਦੇ ਸਮੂਹ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਿੰਨਾ ਸਫ਼ਲ ਉਨ੍ਹਾਂ ਐਤਵਾਰ ਦਾ ਕਸ਼ਮੀਰ ਬੰਦ ਬਣਾਇਆ ਹੈ, ਸੋਮਵਾਰ ਦਾ ਬੰਦ ਵੀ ਇੰਨਾ ਹੀ ਲਾਮਿਸਾਲ ਹੋਣਾ ਚਾਹੀਦਾ ਹੈ।ਖ਼


ਕਸ਼ਮੀਰ `ਚ ਬੀਤੀ 1 ਅਗਸਤ ਤੋਂ ਹੀ ਰੋਸ ਮੁਜ਼ਾਹਰੇ ਵੱਡੇ ਪੱਧਰ `ਤੇ ਜਾਰੀ ਹਨ। ਅੱਜ ਐਤਵਾਰ ਨੂੰ ਕਸ਼ਮੀਰ `ਚ ਬੰਦ ਦੌਰਾਨ ਕੁੱਲ ਮਿਲਾ ਕੇ ਸ਼ਾਂਤੀ ਬਣੀ ਰਹੀ। ਉਂਝ ਸ੍ਰੀਨਗਰ ਦੇ ਬਾਹਰਵਾਰ ਕੁਝ ਬੱਚਿਆਂ ਵੱਲੋਂ ਕੀਤੇ ਪਥਰਾਅ ਦੀਆਂ ਇੱਕਾ-ਦੁੱਕਾ ਘਟਨਾਵਾਂ ਜ਼ਰੂਰ ਵਾਪਰੀਆਂ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kashmir shut down ahead of Supreme Court hearing on article 35A