ਕਸ਼ਮੀਰ ਚ ਹਾਲਾਤ ਸਾਧਾਰਨ ਹੁੰਦੇ ਨਜ਼ਰ ਆ ਰਹੇ ਹਨ। ਬੁੱਧਵਾਰ ਨੂੰ ਵੱਡੀ ਗਿਣਤੀ ਚ ਨਿੱਜੀ ਵਾਹਨ ਸੜਕਾਂ ’ਤੇ ਉਤਰੇ। ਰੇਹੜੀ-ਫੜ੍ਹੀ ਵਾਲਿਆਂ ਨੇ ਵੀ ਕੰਮ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ, ਬਾਜ਼ਾਰ ਅਤੇ ਕਾਰੋਬਾਰੀ ਅਦਾਰੇ ਬੰਦ ਰਹੇ ਤੇ ਵਿਦਿਆਰਥੀ ਵੀ ਸਕੂਲ ਨਹੀਂ ਪਹੁੰਚੇ।
ਧਾਰਾ 370 ਦੇ ਖਾਤਮੇ ਦੇ 45 ਦਿਨ ਬਾਅਦ ਵੀ ਸੁਰੱਖਿਆ ਬਲ ਹਾਲੇ ਵੀ ਸੰਵੇਦਨਸ਼ੀਲ ਇਲਾਕਿਆਂ ਚ ਤਾਇਨਾਤ ਹਨ। ਇਸਦੇ ਨਾਲ ਹੀ ਮੋਬਾਈਲ ਅਤੇ ਇੰਟਰਨੈਟ ਸੇਵਾਵਾਂ ਹਾਲੇ ਸ਼ੁਰੂ ਨਹੀਂ ਹੋਈਆਂ ਹਨ।
ਅਧਿਕਾਰੀਆਂ ਨੇ ਕਿਹਾ ਕਿ ਸਰਕਾਰੀ ਦਫਤਰ ਖੁੱਲੇ ਸਨ ਪਰ ਜਨਤਕ ਵਾਹਨਾਂ ਦੀ ਘਾਟ ਕਾਰਨ ਦਫ਼ਤਰਾਂ ਵਿੱਚ ਹਾਜ਼ਰੀ ਘੱਟ ਹੈ। ਜ਼ਿਲ੍ਹਾ ਹੈੱਡਕੁਆਰਟਰਾਂ ਦੇ ਦਫ਼ਤਰਾਂ ਚ ਆਮ ਤੌਰ ਤੇ ਹਾਜ਼ਰੀ ਰਹੀ। ਹਾਈ ਸਕੂਲ ਦੇ ਪੱਧਰ ਤੱਕ ਸਕੂਲ ਖੋਲ੍ਹਣ ਲਈ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਬੇਕਾਰ ਸਾਬਤ ਹੋਈਆਂ ਕਿਉਂਕਿ ਮਾਪੇ ਸੁਰੱਖਿਆ ਚਿੰਤਾਵਾਂ ਕਾਰਨ ਹਾਲੇ ਵੀ ਬੱਚਿਆਂ ਨੂੰ ਘਰ ਤੋਂ ਬਾਹਰ ਨਹੀਂ ਜਾਣ ਦੇ ਰਹੇ ਹਨ।
ਪੂਰੀ ਘਾਟੀ ਚ ਟੈਲੀਫੋਨ ਲੈਂਡਲਾਈਨ ਸੇਵਾ ਬਹਾਲ ਕਰ ਦਿੱਤੀ ਗਈ ਹੈ ਪਰ ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ ਚ ਮੋਬਾਈਲ ਟੈਲੀਫੋਨ ਸੇਵਾ ਅਤੇ ਇੰਟਰਨੈੱਟ ਸੇਵਾ ਅਜੇ ਵੀ ਠੱਪ ਹੈ। ਬਹੁਤੇ ਵੱਖਵਾਦੀ ਨੇਤਾਵਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਹਿਰਾਸਤ ਚ ਰੱਖਿਆ ਗਿਆ ਹੈ।
ਦੋ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਸਮੇਤ ਮੁੱਖ ਧਾਰਾ ਦੇ ਆਗੂਆਂ ਨੂੰ ਜਾਂ ਤਾਂ ਨਜ਼ਰਬੰਦ ਜਾਂ ਹਿਰਾਸਤ ਚ ਰਖਿਆ ਗਿਆ ਹੈ।
.