ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪੰਚਕੂਲਾ–ਕਾਲਕਾ ’ ਚ ਰਹਿੰਦੇ ਕਸ਼ਮੀਰੀ ‘ਖਜੂਰ ’ਚ ਅਟਕੇ’

​​​​​​​ਪੰਚਕੂਲਾ–ਕਾਲਕਾ ’ ਚ ਰਹਿੰਦੇ ਕਸ਼ਮੀਰੀ ‘ਖਜੂਰ ’ਚ ਅਟਕੇ’

ਬੀਤੀ 14 ਫ਼ਰਵਰੀ ਨੂੰ ਕਸ਼ਮੀਰ ’ਚ ਪੁਲਵਾਮਾ ਵਿਖੇ ਦਹਿਸ਼ਤਗਰਦ ਹਮਲੇ ਦੌਰਾਨ ਸੀਆਰਪੀਐੱਫ਼ ਦੇ 44 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਕਸ਼ਮੀਰੀਆਂ ਨੂੰ ਪਰੇਸ਼ਾਨ ਕਰਨ ਜਾਂ ਉਨ੍ਹਾਂ ਦੀ ਕੁੱਟਮਾਰ ਦੀਆਂ ਘਟਨਾਵਾਂ ਵਾਪਰਨ ਲੱਗ ਪਈਆਂ ਹਨ। ਪੰਜਾਬ ਵਿੱਚ ਅਜਿਹੀ ਕੋਈ ਸਮੱਸਿਆ ਨਹੀਂ ਹੈ ਪਰ ਹਰਿਆਣਾ ਵਿੱਚ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਹਨ। ਪੰਚਕੂਲਾ, ਪਿੰਜੌਰ ਤੇ ਕਾਲਕਾ ਇਲਾਕਿਆਂ ਵਿੱਚ ਇਸ ਵੇਲੇ ਸ਼ਾਲਾਂ ਵੇਚਣ ਵਾਲੇ ਬਹੁਤ ਸਾਰੇ ਕਸ਼ਮੀਰੀ ਰਹਿ ਰਹੇ ਹਨ। ਹੁਣ ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਉਹ ਪਤਾ ਨਹੀਂ ਕਦੇ ਸਹੀ–ਸਲਾਮਤ ਆਪੋ–ਆਪਣੇ ਘਰਾਂ ਨੂੰ ਪਰਤ ਵੀ ਸਕਣਗੇ ਜਾਂ ਨਹੀਂ।

 

 

ਪੰਚਕੂਲਾ–ਕਾਲਕਾ ਇਲਾਕੇ ਵਿੱਚ ਰਹਿ ਰਹੇ ਬਹੁਤ ਸਾਰੇ ਅਜਿਹੇ ਕਸ਼ਮੀਰੀ ਤਾਂ ਉਸੇ ਪੁਲਵਾਮਾ ਇਲਾਕੇ ਦੇ ਹੀ ਹਨ, ਜਿੱਥੇ ਆਤਮਘਾਤੀ ਹਮਲਾ ਹੋਇਆ ਹੈ। ਗਰਮ ਕੱਪੜਿਆਂ ਦੇ ਇਹ ਵਪਾਰੀ ਹਰ ਸਾਲ ਨਵੰਬਰ ਮਹੀਨੇ ਹਰਿਆਣਾ ਦੇ ਇਸ ਇਲਾਕੇ ’ਚ ਆਉਂਦੇ ਹਨ ਤੇ ਠੰਢ ਦਾ ਮੌਸਮ ਖ਼ਤਮ ਹੁੰਦਿਆਂ ਹੀ ਮਾਰਚ ਮਹੀਨੇ ਕਸ਼ਮੀਰ ਪਰਤ ਜਾਂਦੇ ਹਨ। ਪਰ ਐਤਕੀਂ ਉਹ ਆਪਣੀ ਸੁਰੱਖਿਆ ਨੂੰ ਲੈ ਕੇ ਡਾਢੇ ਫ਼ਿਕਰਮੰਦ ਵੀ ਹਨ ਤੇ ਡਰੇ ਵੀ ਹੋਏ ਹਨ। ਉਹ ਅੱਜ–ਕੱਲ੍ਹ ਸ਼ਾਲਾਂ ਵੀ ਨਹੀਂ ਵੇਚ ਰਹੇ ਤੇ ਆਪਣਾ ਸਾਮਾਨ ਪੈਕ ਕਰ ਕੇ ਛੇਤੀ ਤੋਂ ਛੇਤੀ ਇੱਥੋਂ ਨਿੱਕਲਣਾ ਚਾਹੁੰਦੇ ਹਨ।

 

 

ਸ਼ਾਲਾਂ ਦੇ ਇਹ ਕਸ਼ਮੀਰੀ ਵਪਾਰੀ ਡਰਦੇ ਆਪਣਾ ਨਾਂਅ ਵੀ ਨਹੀਂ ਦੱਸ ਰਹੇ ਤੇ ਨਾ ਹੀ ਆਪਣੀਆਂ ਤਸਵੀਰਾਂ ਖਿਚਵਾਉਣੀਆਂ ਚਾਹੁੰਦੇ ਹਨ। ਉਹ ਪਿੰਜੌਰ, ਕਾਲਕਾ ਤੇ ਰਾਮਗੜ੍ਹ ਦੇ ਇਲਾਕਿਆਂ ਵਿੱਚ ਕਿਰਾਏ ਦੇ ਕਮਰਿਆਂ ਵਿੱਚ ਰਹਿ ਰਹੇ ਹਨ। ਅਜਿਹੇ ਇੱਕ ਕਸ਼ਮੀਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਉਸ ਦਾ ਘਰ ਪੁਲਵਾਮਾ ਤੋਂ ਸਿਰਫ਼ 5 ਕਿਲੋਮੀਟਰ ਦੀ ਦੂਰੀ ਉੱਤੇ ਹੈ। ਉਹ ਪਿਛਲੇ ਕਈ ਵਰਿ੍ਹਆਂ ਤੋਂ ਰੋਜ਼ੀ–ਰੋਟੀ ਦੇ ਚੱਕਰ ਵਿੱਚ ਆ ਰਿਹਾ ਹੈ। ਪਰ ਹੁਣ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਸਾਰੇ ਡਰੇ ਹੋਏ ਹਨ ਤੇ ਸਭ ਕਸ਼ਮੀਰੀ ਛੇਤੀ ਤੋਂ ਛੇਤੀ ਪਰਤ ਜਾਣਾ ਚਾਹੁੰਦੇ ਹਨ।

 

 

ਉਸ ਨੇ ਦੱਸਿਆ ਕਿ ਕਸ਼ਮੀਰ ਵਿੱਚ ਵੀ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਹਨ। ਉਸ ਦੇ ਪਰਿਵਾਰਕ ਮੈਂਬਰਾਂ ਨੇ ਹਾਲੇ ਘਰ ਨਾ ਪਰਤਣ ਦੀ ਸਲਾਹ ਵੀ ਦਿੱਤੀ ਹੈ ਕਿਉਂਕਿ ਉੱਥੇ ਕਰਫ਼ਿਊ ਲੱਗਾ ਹੋਇਆ ਹੈ। ਹੁਣ ਦੱਖਣੀ ਕਸ਼ਮੀਰ ਦੇ ਪੁਲਵਾਮਾ ਇਲਾਕੇ ਵਿੱਚ ਕੋਈ ਮਸਜਿਦਾਂ ਵਿੱਚ ਨਮਾਜ਼ ਪੜ੍ਹਨ ਵੀ ਨਹੀਂ ਜਾਂਦਾ। ਇੰਝ ਪੁਲਵਾਮਾ ਇਲਾਕੇ ਦੇ ਕਸ਼ਮੀਰੀਆਂ ਦੀ ਹਾਲਤ ‘ਆਕਾਸ਼ ਤੋਂ ਡਿੱਗੇ ਤੇ ਖਜੂਰ ’ਚ ਅਟਕੇ’ ਅਤੇ ‘ਅੱਗੇ ਖੂਹ ਪਿੱਛੇ ਖੱਡ’ ਵਾਲੀ ਹੋ ਗਈ ਹੈ। ਉਨ੍ਹਾਂ ਨੂੰ ਹਰਿਆਣਾ ’ਚ ਰਹਿੰਦਿਆਂ ਵੀ ਡਰ ਲੱਗਦਾ ਹੈ ਤੇ ਹਾਲ ਦੀ ਘੜੀ ਤੁਰੰਤ ਉਹ ਕਸ਼ਮੀਰ ਵੀ ਨਹੀਂ ਪਰਤ ਸਕਦੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kashmirs in Panchkula Kalka in dillemma