ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਪੁੱਜੇ ਇੱਕ ਵਿਅਕਤੀ ਕੋਲੋਂ ਜਿੰਦਾ ਕਾਰਤੂਸ ਬਰਾਮਦ ਕੀਤਾ ਗਿਆ ਹੈ। ਬਰਾਮਦ ਹੋਇਆ ਕਾਰਤੂਸ 32 ਐਮ.ਐਮ. ਦਾ ਹੈ। ਕੇਜਰੀਵਾਲ ਦੀ ਸੁਰੱਖਿਆ 'ਚ ਲੱਗੇ ਸੁਰੱਖਿਆ ਕਰਮਚਾਰੀਆਂ ਮੁਤਾਬਿਕ ਕੇਜਰੀਵਾਲ ਨੂੰ ਮਿਲਣ ਪਹੁੰਚੇ ਇਕ ਵਿਅਕਤੀ ਕੋਲੋਂ ਜਿੰਦਾ ਕਾਰਤੂਸ ਬਰਾਮਦ ਹੋਇਆ ਤਾਂ ਉਸ ਵਿਅਕਤੀ ਨੂੰ ਦਾਖਲੇ ਵਾਲੇ ਮੁੱਖ ਦਰਵਾਜ਼ੇ ਕੋਲ ਹੀ ਰੋਕ ਦਿੱਤਾ ਗਿਆ। ਇਹ ਕਾਰਤੂਸ ਇਮਰਾਨ ਦੇ ਪਰਚ ਚੋਂ ਮਿਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਦੇ ਦਫਤਰ ਚ ਲੱਗਣ ਵਾਲੇ ਜਨਤਾ ਦਰਬਾਰ ਚ ਜਾਣ ਵਾਲੇ ਇੱਕ ਮਸਜਿਦ ਦੀ ਸਾਂਭ ਸੰਭਾਲ ਕਰਨ ਵਾਲੇ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਹ ਘਟਨਾ ਸੋਮਵਾਰ ਸਵੇਰ ਦੀ ਹੈ। ਇਸ ਤੋਂ ਕੁੱਝ ਦਿਨ ਪਹਿਲਾਂ ਹੀ ਕੇਜਰੀਵਾਲ ਤੇ ਮਿਰਚ ਨਾਲ ਹਮਲਾ ਕੀਤਾ ਗਿਆ ਸੀ।
ਜਿ਼ੰਦਾ ਕਾਰਤੂਸ ਨਾਲ ਅੱਜ ਫੜ੍ਹੇ ਗਏ ਵਿਅਕਤੀ ਦੀ ਪਛਾਣ 39 ਸਾਲਾ ਮੁਹੰਮਦ ਇਮਰਾਨ ਵਜੋਂ ਕੀਤੀ ਗਈ ਹੈ। ਇਮਰਾਨ ਜਨਤਾ ਦਰਬਾਰ ਚ 12 ਹੋਰਨਾਂ ਮੌਲਵੀਆਂ ਅਤੇ ਇਮਾਮ ਨਾਲ ਆਇਆ ਸੀ। ਉਸਦੀ ਮੰਗ ਸੀ ਕਿ ਵਕਫ਼ ਬੋਰਡ ਦੇ ਸਟਾਫ਼ ਦੀ ਤਨਖ਼ਾਹ ਵਧਾਈ ਜਾਵੇ।
ਨਾਰਥ ਦਿੱਲੀ ਦੇ ਐਡੀਸ਼ਨਲ ਕਮਿਸ਼ਨਰ ਆਫ਼ ਪੁਲਿਸ ਹਰਿੰਦਰ ਸਿੰਘ ਮੁਤਾਬਕ ਇਮਰਾਨ ਤੋਂ ਖੁਲਾਸਾ ਹੋਇਆ ਹੈ ਕਿ ਉਸਨੂੰ ਇਹ ਗੋਲੀ ਇੱਕ ਮਸਜਿਦ ਤੋਂ ਦਾਨ ਚ ਮਿਲੀ ਸੀ। ਉਸ ਨੇ ਇਹ ਗੋਲੀ ਆਪਣੇ ਪਰਸ ਚ ਰੱਖ ਲਈ ਅਤੇ ਬਾਅਦ ਚ ਇਸ ਨੂੰ ਕੱਢਣਾ ਭੁੱਲ ਗਿਆ। ਪੁਲਿਸ ਨੇ ਉਸ ਨੂੰ ਆਰਮਸ ਐਕਟ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਜਾਂਚ ਜਾਰੀ ਹੈ।