ਦਿੱਲੀ ਵਿਧਾਨ ਸਭਾ ਚੋਣਾਂ – 2020 ’ਚ ਇੱਕ ਵਾਰ ਫਿਰ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਆਉਂਦੀ 16 ਫ਼ਰਵਰੀ ਭਾਵ ਐਤਵਾਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ’ਚ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਇਹ ਜਾਣਕਾਰੀ ਖ਼ਬਰ ਏਜੰਸੀ ਏਐੱਨਆਈ ਨੇ ਦਿੱਤੀ ਹੈ। ਸ੍ਰੀ ਕੇਜਰੀਵਾਲ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਬਣਨਗੇ।
ਅੱਜ ਸ੍ਰੀ ਕੇਜਰੀਵਾਲ ਨੂੰ ਆਮ ਆਦਮੀ ਪਾਰਟੀ ਵਿਧਾਇਕ ਦਲ ਦਾ ਆਗੂ ਚੁਣ ਲਿਆ ਗਿਆ। ਹੁਣ ਉਹ ਦਿੱਲੀ ਦੀ ਸਰਕਾਰ ਬਣਾਉਣ ਲਈ ਉੱਪ–ਰਾਜਪਾਲ ਅਨਿਲ ਬੈਜਲ ਹੁਰਾਂ ਨੂੰ ਮਿਲਣਗੇ।
ਦਿੱਲੀ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਨੇ ਸਾਲ 2015 ਵਾਂਗ ਹੀ ਜ਼ਬਰਦਸਤ ਹੂੰਝਾ–ਫੇਰੂ ਜਿੱਤ ਹਾਸਲ ਕੀਤੀ ਹੈ। ਆਮ ਆਦਮੀ ਪਾਰਟੀ ਨੇ ਇਨ੍ਹਾਂ ਚੋਣਾਂ ’ਚ 62 ਸੀਟਾਂ ਆਪਣੇ ਨਾਂਅ ਕੀਤੀਆਂ ਹਨ। ਉਂਝ ਪਿਛਲੀ ਵਾਰ ਦੇ ਮੁਕਾਬਲੇ ਇਹ 5 ਸੀਟਾਂ ਘੱਟ ਹਨ। ਭਾਜਪਾ ਨੂੰ ਇਨ੍ਹਾਂ ਚੋਣਾਂ ’ਚ 8 ਸੀਟਾਂ ਮਿਲੀਆਂ ਹਨ। ਕਾਂਗਰਸ ਦਾ ਪਿਛਲੀ ਵਾਰ ਵਾਂਗ ਐਤਕੀਂ ਵੀ ਖਾਤਾ ਨਹੀਂ ਖੁੱਲ੍ਹਿਆ ਤੇ ਉਸ ਦੇ 67 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ।
ਹੁਣ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਦੀ ਕੈਬਿਨੇਟ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਨਵੀਂ ਕੈਬਿਨੇਟ ’ਚ ਕਈ ਨਵੇਂ ਨਾਂਅ ਆਉਣ ਦੀ ਚਰਚਾ ਚੱਲ ਰਹੀ ਹੈ ਪਰ ਕੋਈ ਇਸ ਬਾਰੇ ਬੋਲਣ ਨੂੰ ਤਿਆਰ ਨਹੀਂ ਹੈ। ਆਮ ਆਦਮੀ ਪਾਰਟੀ ਦੇ ਸਾਰੇ ਹੀ ਕੈਬਿਨੇਟ ਮੰਤਰੀ ਜਿੱਤਣ ’ਚ ਸਫ਼ਲ ਰਹੇ ਹਨ; ਉਨ੍ਹਾਂ ਵਿੱਚ ਮਨੀਸ਼ ਸਿਸੋਦੀਆ, ਸਤਯੇਂਦਰ ਜੈਨ, ਗੋਪਾਲ ਰਾਇ, ਕੈਲਾਸ਼ ਗਹਿਲੋਤ, ਰਾਜੇਂਦਰ ਪਾਲ ਗੌਤਮ ਸ਼ਾਮਲ ਹਨ।
ਆਮ ਆਦਮੀ ਪਾਰਟੀ ਨੂੰ ਸੰਗਠਨਾਤਮਕ ਤੌਰ ’ਤੇ ਮਜ਼ਬੂਤ ਕਰਨ ਵਾਲੇ ਵੀ ਇਸ ਵਾਰ ਜਿੱਤ ਕੇ ਵਿਧਾਨ ਸਭਾ ਪੁੱਜੇ ਹਨ। ਉਨ੍ਹਾਂ ਵਿੱਚ ਦਿਲੀਪ ਪਾਂਡੇ, ਆਤਿਸ਼ੀ ਤੇ ਰਾਘਵ ਚੱਢਾ ਸਮੇਤ ਕਈ ਹੋਰ ਆਗੂ ਵੀ ਸ਼ਾਮਲ ਹਨ। ਅਜਿਹੇ ਕਈ ਆਗੂ ਹਨ, ਜੋ ਤੀਜੀ ਵਾਰ ਵਿਧਾਇਕ ਬਣੇ ਹਨ। ਤੀਜੀ ਵਾਰ ਜਿੱਤ ਮਿਲਣ ਤੋਂ ਬਾਅਦ ਹੁਣ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਨੂੰ ਰਾਸ਼ਟਰੀ ਪੱਧਰ ਉੱਤੇ ਹੋਰ ਅੱਗੇ ਲਿਜਾਣ ਦੀ ਚਰਚਾ ਤੇਜ਼ ਹੋ ਗਈ ਹੈ।
ਇਸ ਵਾਰ ਕੈਬਿਨੇਟ ਦਾ ਸੰਤੁਲਨ ਅਹਿਮ ਮੰਨਿਆ ਜਾ ਰਿਹਾ ਹੈ; ਜਿਸ ਨੂੰ ਵੇਖਦਿਆਂ ਇਹ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਕੈਬਿਨੇਟ ਵਿੱਚ ਕੁਝ ਨਵੇਂ ਚਿਹਰਿਆਂ ਨੂੰ ਜਗ੍ਹਾ ਮਿਲ ਸਕਦੀ ਹੈ।
ਅੱਜ ਬੁੱਧਵਾਰ ਨੂੰ ਸਰਕਾਰ ਦੇ ਦੋਬਾਰਾ ਰਸਮੀ ਗਠਨ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਅੱਜ ਸਵੇਰੇ 11:30 ਵਜੇ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੀ ਮੀਟਿੰਗ ਵੀ ਸ਼ੁਰੂ ਹੋਈ; ਜਿਸ ਵਿੱਚ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਵਿਧਾਇਕ ਪਾਰਟੀ ਦਾ ਆਗੂ ਚੁਣ ਲਿਆ ਗਿਆ। ਉਸ ਤੋਂ ਬਾਅਦ ਹੀ ਉੱਪ–ਰਾਜਪਾਲ ਨੂੰ ਸਰਕਾਰ ਬਣਾਉਣ ਦਾ ਪ੍ਰਸਤਾਵ ਦਿੱਤਾ ਜਾਣਾ ਤੈਅ ਹੈ।