ਗੁਰੂਗ੍ਰਾਮ ਵਿੱਚ ਇੱਕ ਵਿਦੇਸ਼ੀ ਜੋੜੇ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਕੀਨੀਆ ਦੇ ਵਸਨੀਕ ਸਨ। ਪੁਲਿਸ ਨੇ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ੇ ਚ ਲੈ ਕੇ ਕੀਨੀਆ ਦੇ ਦੂਤਘਰ ਨੂੰ ਸੂਚਿਤ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਸੁਸ਼ਾਂਤ ਲੋਕ ਸੀ ਬਲਾਕ ਚ ਕੀਨੀਆ ਦੀ ਇੱਕ ਮੁਟਿਆਰ ਅਤੇ ਇੱਕ ਨੌਜਵਾਨ ਨੇ ਸੋਮਵਾਰ ਦੇਰ ਸ਼ਾਮ ਨੂੰ ਖੁਦਕੁਸ਼ੀ ਕਰ ਲਈ। ਲੜਕੀ ਗੁਰੂਗਰਾਮ ਦੇ ਇੱਕ ਨਿੱਜੀ ਸਕੂਲ ਵਿੱਚ ਅਧਿਆਪਕਾ ਸੀ। ਉਹ ਪਿਛਲੇ ਇਕ ਸਾਲ ਤੋਂ ਸੁਸ਼ਾਂਤ ਲੋਕ ਸਥਿਤ ਪੀਜੀ ਵਿਚ ਰਹਿ ਰਹੀ ਸੀ, ਸੋਮਵਾਰ ਦੁਪਹਿਰ ਨੂੰ ਉਸ ਦਾ ਇਕ ਦੋਸਤ ਪੀਜੀ ਆਇਆ। ਇਸ ਤੋਂ ਬਾਅਦ ਦੋਵੇਂ ਕਾਫੀ ਸਮੇਂ ਤੱਕ ਕਮਰੇ ਵਿਚ ਰਹੇ।
ਸੋਮਵਾਰ ਦੀ ਸ਼ਾਮ ਲੜਕੀ ਦੇ ਜਾਣਕਾਰ ਪੀਜੀ ਚ ਪਹੁੰਚੇ ਤੇ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਪਹੁੰਚੀ ਅਤੇ ਦੋਵਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਪਹੁੰਚਾਇਆ ਹੈ।
ਪੁਲਿਸ ਨੇ ਇਸ ਘਟਨਾ ਤੋਂ ਬਾਅਦ ਕੀਨੀਆ ਦੇ ਦੂਤਾਵਾਸ ਨੂੰ ਸੂਚਿਤ ਕਰ ਦਿੱਤਾ ਹੈ। ਦੂਤਘਰ ਦੇ ਅਧਿਕਾਰੀਆਂ ਦੇ ਆਉਣ ਤੋਂ ਬਾਅਦ ਹੀ ਪੁਲਿਸ ਵੱਲੋਂ ਦੋਵਾਂ ਦਾ ਪੋਸਟ ਮਾਰਟਮ ਕੀਤਾ ਜਾਵੇਗਾ। ਸੁਸ਼ਾਂਤ ਲੋਕ ਥਾਣਾ ਪੁਲਿਸ ਮੌਕੇ 'ਤੇ ਜਾਂਚ ਕਰ ਰਹੀ ਹੈ।