ਤਾਮਿਲ ਨਾਡੂ ਦੇ ਤਿਰਾਪੁਰ ਜ਼ਿਲ੍ਹੇ ਦੇ ਅਵਿਨਾਸ਼ੀ ’ਚ ਕੇਰਲ ਸਟੇਟ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਦੀ ਇੱਕ ਟਰੱਕ ਨਾਲ ਟੱਕਰ ਕਾਰਨ 20 ਵਿਅਕਤੀ ਮਾਰੇ ਗਏ ਹਨ; ਜਿਨ੍ਹਾਂ ਵਿੱਚ 5 ਔਰਤਾਂ ਵੀ ਸ਼ਾਮਲ ਹਨ।
ਪੁਲਿਸ ਮੁਤਾਬਕ ਇਹ ਬੱਸ ਬੈਂਗਲੁਰੂ ਤੋਂ ਤਿਰੂਵਨੰਥਾਪੁਰਮ ਜਾ ਰਹੀ ਸੀ ਤੇ ਉਸ ਦੀ ਸਿੱਧੀ ਟੱਕਰ ਸਾਹਮਣਿਓਂ ਆ ਰਹੀ ਕੰਟੇਨਰ ਲਾਰੀ ਨਾਲ ਹੋ ਗਈ।
ਇੱਕ ਹੋਰ ਰਿਪੋਰਟ ਮੁਤਾਬਕ ਇਹ ਬੱਸ ਬੈਂਗਲੁਰੂ ਤੋਂ ਕੇਰਲ ਦੇ ਏਰਨਾਕੁਲਮ ਜਾ ਰਹੀ ਸੀ।
ਇਹ ਹਾਦਸਾ ਅੱਜ ਤੜਕੇ ਸਾਢੇ ਚਾਰ ਵਜੇ ਕੋਇੰਬਟੂਰ–ਸਲੇਮ ਹਾਈਵੇਅ ’ਤੇ ਵਾਪਰਿਆ ਹੈ। ਕਈ ਜਣੇ ਜ਼ਖ਼ਮੀ ਹਨ। ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ 48 ਸੀਟਾਂ ਵਾਲੀ ਬੱਸ ਪੂਰੀ ਤਰ੍ਹਾਂ ਭਰੀ ਹੋਈ ਸੀ। ਜਿਸ ਵੇਲੇ ਇਹ ਹਾਦਸਾ ਵਾਪਰਿਆ, ਉਦੋਂ ਜ਼ਿਆਦਾਤਰ ਯਾਤਰੂ ਸੌਂ ਰਹੇ ਸਨ, ਇਸ ਕਾਰਨ ਵੀ ਬੱਸ ਸਵਾਰ ਲੋਕਾਂ ਨੂੰ ਵੱਧ ਗੰਭੀਰ ਸੱਟਾਂ ਵੱਜੀਆਂ ਹਨ।
ਇੱਕ ਹੋਰ ਰਿਪੋਰਟ ਮੁਤਾਬਕ ਇਸ ਹਾਦਸੇ ’ਚ 23 ਵਿਅਕਤੀ ਜ਼ਖ਼ਮੀ ਹੋਏ ਹਨ। ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਟਰੱਕ ਦੇ ਹੇਠਾਂ ਚਲਾ ਗਿਆ।