ਸਾਲ 2018 ਚ ਕੇਰਲਾ ਚ ਫੈਲੇ ਘਾਤਕ ਨਿਪਾਹ ਵਾਇਰਸ ਨਾਲ ਪੀੜਤ ਮਰੀਜ਼ਾਂ ਦੇ ਇਲਾਜ ਲਈ ਆਪਣੀ ਜ਼ਿੰਦਗੀ ਦੀ ਕੁਰਬਾਨੀ ਦੇਣ ਵਾਲੀ ਇਕ ਨਰਸ ਲੀਨੀ ਪੁਥੁਸਸੇਰੀ ਨੂੰ ਦੇਹਾਂਤ ਮਗਰੋਂ ਨੈਸ਼ਨਲ ਫਲੋਰੈਂਸ ਨਾਈਟੈਂਗਲ ਅਵਾਰਡ 2019 ਨਾਲ ਸਨਮਾਨਤ ਕੀਤਾ ਗਿਆ ਹੈ। ਲੀਨੀ ਪੁਥੁਸਸੇਰੀ ਦੇ ਪਤੀ ਸੰਜੀਵ ਪੁਥੁਸਸੇਰੀ ਨੇ ਵੀਰਵਾਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਗ ਤੋਂ ਇਹ ਪੁਰਸਕਾਰ ਪ੍ਰਾਪਤ ਕੀਤਾ।
ਈ.ਐੱਨ.ਐੱਸ. ਮੈਮੋਰੀਅਲ ਸਹਿਕਾਰੀ ਹਸਪਤਾਲ ਚ ਨਿਪਾਹ ਵਾਇਰਸ ਨਾਲ ਮਰੀਜ਼ਾਂ ਦਾ ਇਲਾਜ ਕਰਦੇ ਹੋਏ 30 ਸਾਲ ਦੀ ਇਕ ਨਰਸ ਲੀਨੀ ਪੁਥੁਸਸੇਰੀ ਵੀ ਨਿਪਾਹ ਵਾਇਰਸ ਦਾ ਸ਼ਿਕਾਰ ਹੋ ਗਈ ਸੀ। ਜਿਸ ਤੋਂ ਤੁਰੰਤ ਬਾਅਦ ਉਸ ਦਾ ਅੰਤਿਮ ਸਸਕਾਰ ਵੀ ਕਾਲ੍ਹੀ ਚ ਕਰ ਦਿੱਤਾ ਗਿਆ ਸੀ ਤਾਂ ਜੋ ਨਿਪਾਹ ਵਾਇਰਸ ਨਾ ਫੈਲ ਸਕੇ। ਤੁਰੰਤ ਸਸਕਾਰ ਹੋਣ ਜਾਣ ਕਾਰਨ ਉਸ ਦਾ ਪਰਿਵਾਰ ਉਸਨੂੰ ਵੇਖ ਨਹੀਂ ਸਕਿਆ ਸੀ ਪਰ ਪਰਿਵਾਰ ਨੇ ਤੁਰੰਤ ਅੰਤਿਮ ਸਸਕਾਰ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਸੀ।
ਕੇਰਲ ਸਰਕਾਰ ਨੇ ਲੀਨੀ ਦੇ ਨਾਮ 'ਤੇ ਇਕ ਐਵਾਰਡ ਵੀ ਸ਼ੁਰੂ ਕੀਤਾ ਹੈ। ਲੀਨੀ ਤੋਂ ਇਲਾਵਾ ਇਸ ਸਾਲ 35 ਹੋਰ ਨਰਸਾਂ ਨੂੰ ਸਨਮਾਨਤ ਕੀਤਾ ਗਿਆ ਹੈ।
ਭਾਰਤ ਸਰਕਾਰ ਨੇ ਸਾਲ 1973 ਚ ਨੈਸ਼ਨਲ ਫਲੋਰੈਂਸ ਨਾਈਟਿੰਗਲ ਅਵਾਰਡ ਦੀ ਸ਼ੁਰੂਆਤ ਨਰਸਾਂ ਦੁਆਰਾ ਕੀਤੀ ਜਾ ਰਹੀ ਮਨੁੱਖੀ ਸੇਵਾ ਅਤੇ ਸ਼ਲਾਘਾਯੋਗ ਕੰਮਾਂ ਨੂੰ ਧਿਆਨ ਚ ਰੱਖਦਿਆਂ ਕੀਤੀ ਸੀ।
ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਵਾਇਰਸ ਦੇ ਇਲਾਜ ਲਈ ਕੋਈ ਟੀਕਾ ਉਪਲਬਧ ਨਹੀਂ ਹੈ। ਸੰਯੁਕਤ ਰਾਸ਼ਟਰ ਦੀ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਇਸ ਵਾਇਰਸ ਨਾਲ ਪੀੜਤ ਲੋਕਾਂ ਦਾ ਮੁੱਖ ਇਲਾਜ਼ 'ਇੰਟੈਂਟਿਵ ਸਹਿਯੋਗੀ ਦੇਖਭਾਲ' ਹੀ ਹੈ। ਇਸ ਵਾਇਰਸ ਦੇ ਮਾਮਲੇ ਚ ਮੌਤ ਦੀ ਦਰ 70 ਫੀਸਦ ਹੈ।
ਦੱਸ ਦੇਈਏ ਕਿ ਨਿਪਾਹ ਵਾਇਰਸ ਲੱਛਣਾਂ ਚ ਸਾਹ ਦੀ ਕਮੀ, ਬੁਖਾਰ, ਦਿਮਾਗੀ ਜਲਣ, ਸਿਰ ਦਰਦ, ਚੱਕਰ ਆਉਣੇ, ਝਰਨਾਹਟ ਅਤੇ ਟਾਈਫਸ ਸ਼ਾਮਲ ਹਨ। ਨਿਪਾਹ ਵਾਇਰਸ ਜਾਂ ਐਨਆਈਵੀ ਇਨਫੈਕਸ਼ਨ ਆਮ ਤੌਰ 'ਤੇ ਚਮਗਾਦੜਾਂ ਕਾਰਨ ਫੈਲਦਾ ਹੈ।
ਰਾਸ਼ਟਰਪਤੀ ਕੋਵਿੰਦ ਨੇ ਸਾਰੇ ਪੁਰਸਕਾਰ ਜੇਤੂਆਂ ਨੂੰ ਸ਼ਲਾਘਾਯੋਗ ਕੰਮ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਾਰੀਆਂ ਚੁਣੌਤੀਆਂ ਦੇ ਬਾਵਜੂਦ ਨਰਸਾਂ ਮਰੀਜ਼ਾਂ ਨੂੰ ਚੰਗੀ ਸਿਹਤ ਸੇਵਾਵਾਂ ਪ੍ਰਦਾਨ ਕਰਦੀਆਂ ਹਨ। ਉਹ ਮਰੀਜ਼ਾਂ ਦੀਆਂ ਸਿਹਤ ਲੋੜਾਂ ਦੀ ਪੂਰਤੀ ਕਰਦੀਆਂ ਹਨ।