ਕੇਰਲ ਦੇ ਸਿਹਤ ਮੰਤਰੀ ਕੇ.ਕੇ. ਸ਼ੈਲਜਾ ਨੇ ਅੱਜ ਮੰਗਲਵਾਰ ਨੂੰ ਪੁਸ਼ਟੀ ਕਰਦਿਆਂ ਦੱਸਿਆ ਕਿ ਕੋਚੀ ਕੋਲ ਇਲਾਜ ਕਰਵਾ ਰਹੇ ਨੌਜਵਾਨ ਨਿਪਾਹ ਵਾਇਰਸ (Nipah Virus) ਦੀ ਜਾਂਚ ਰਿਪੋਰਟ ਪਾਜ਼ਿਟਿਵ ਆਈ ਹੈ। ਇਸ ਕਾਰਨ ਪ੍ਰਸ਼ਾਸਨਿਕ ਅਧਿਕਾਰੀਆਂ, ਖ਼ਾਸ ਕਰਕੇ ਕੇਰਲ ਦੇ, ਨੂੰ ਭਾਜੜਾਂ ਪੈ ਗਈਆਂ ਹਨ। ਇਹ ਵਾਇਰਸ ਬਹੁਤ ਮਾਰੂ ਕਿਸਮ ਦਾ ਹੁੰਦਾ ਹੈ ਤੇ ਮਨੁੱਖਾਂ ਲਈ ਡਾਢਾ ਘਾਤਕ ਹੈ। ਇਹ ਛੂਤ ਦਾ ਰੋਗ ਹੈ।
ਕੇਰਲ ਦੇ ਨੌਜਵਾਨ ਦੇ ਨਿਪਾਹ ਵਾਇਰਸ ਤੋਂ ਪੀੜਤ ਹੋਣ ਦੀ ਜਾਂਚ ਦੀ ਪੁਸ਼ਟੀ ਪੁਣੇ ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਵੀਰੋਲੌਜੀ ਨੇ ਕੀਤੀ ਹੈ।
ਮੰਤਰੀ ਨੇ ਇਹ ਵੀ ਭਰੋਸਾ ਦਿਵਾਇਆ ਕਿ ਇਸ ਹੰਗਾਮੀ ਹਾਲਾਤ ਨਾਲ ਨਿਪਟਣ ਲਈ ਸਾਰੇ ਲੋੜੀਂਦੇ ਇੰਤਜ਼ਾਮ ਕੀਤੇ ਗਏ ਹਨ ਤੇ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ।
ਪਿਛਲੇ ਵਰ੍ਹੇ ਮਈ ਮਹੀਨੇ ਕੋਜ਼ੀਕੋਡ ਤੇ ਮਲਾਪੁਰਮ ਜ਼ਿਲ੍ਹਿਆਂ ਵਿੱਚ ਨਿਪਾਹ (NIV) ਵਾਇਰਸ ਦੇ 22 ਮਾਮਲਿਆਂ ਵਿੱਚ 17 ਜਣਿਆਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਲੋਕਾਂ ਵਿੱਚ ਇਸ ਦਾ ਭਾਰੀ ਡਰ ਬੈਠ ਗਿਆ ਹੈ।
ਸੋਮਵਾਰ ਨੂੰ ਇਸ ਨੌਜਵਾਨ ਦੀ ਜਾਂਚ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਸੀ। ਏਰਨਾਕੁਲਮ ਸਿਹਤ ਪ੍ਰਸ਼ਾਸਨ ਨੇ ਕਿਹਾ ਕਿ ਨੌਜਵਾਨ ਦਾ ਇਲਾਜ ਕੋਚੀ ਨੇੜੇ ਇੱਕ ਨਿਜੀ ਹਸਪਤਾਲ ਵਿੱਚ ਚੱਲ ਰਿਹਾ ਹੈ।