ਜੰਮੂ ਕਸ਼ਮੀਰ ਪੁਲਿਸ ਨੇ ਸੋਮਵਾਰ ਨੂੰ ਕਿਸ਼ਤਵਾੜ ਕਤਲ ਕਾਂਡ ਅਤੇ ਹਥਿਆਰਾਂ ਨੂੰ ਖੋਹਣ ਦੇ ਮਾਮਲੇ ਦੀ ਗੁੱਥੀ ਨੂੰ ਸੁਲਝਾ ਲਿਆ ਹੈ ਅਤੇ ਇਸ ਮਾਮਲੇ ਵਿੱਚ ਤਿੰਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਜੰਮੂ ਜ਼ੋਨ ਦੇ ਇੰਸਪੈਕਟਰ ਜਨਰਲ ਪੁਲਿਸ ਮੁਕੇਸ਼ ਸਿੰਘ ਨੇ ਜੰਮੂ ਦੇ ਪੱਤਰਕਾਰਾਂ ਨੂੰ ਦੱਸਿਆ ਕਿ ਕੇਂਦਰੀ ਰਿਜ਼ਰਵ ਪੁਲਿਸ ਫ਼ੋਰਸ, ਆਰਮੀ ਅਤੇ ਰਾਸ਼ਟਰੀ ਜਾਂਚ ਏਜੰਸੀ ਨੇ ਕਤਲ ਅਤੇ ਹਥਿਆਰ ਖੋਹਣ ਦੇ ਦੋਸ਼ ਵਿੱਚ ਤਿੰਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਕਿਸ਼ਤਵਾੜ ਵਿੱਚ ਹਿਜਬੁਲ-ਮੁਜਾਹਿਦੀਨ ਦੇ ਤਿੰਨ ਅੱਤਵਾਦੀਆਂ ਨੇ ਭਾਜਪਾ ਨੇਤਾ ਚੰਦਰਕਾਂਤ ਸ਼ਰਮਾ ਅਤੇ ਉਸ ਦੇ ਪੀਐਸਓ ਨੂੰ ਮਾਰ ਦਿੱਤਾ ਸੀ। ਗ੍ਰਿਫ਼ਤਾਰ ਹਿਜ਼ਬੁਲ ਅੱਤਵਾਦੀਆਂ ਵਿੱਚੋਂ ਇੱਕ, ਨਿਸਾਰ ਅਹਿਮਦ ਸ਼ੇਖ, ਭਾਜਪਾ ਨੇਤਾ ਅਨਿਲ ਪਰਿਹਾਰ ਦੀ ਹੱਤਿਆ ਦੌਰਾਨ ਸਾਜਿਸ਼ ਦਾ ਹਿੱਸਾ ਸੀ।
ਮੁਕੇਸ਼ ਸਿੰਘ ਦੇ ਨਾਲ ਬ੍ਰਿਗੇਡੀਅਰ ਵਿਕਰਮ ਰਾਣਾ, ਡੀਆਈਜੀ ਡੀਕੇਆਰ ਰੇਂਜ ਦੇ ਭੀਮ ਸੇਂਡ ਤੂਤੀ ਅਤੇ ਕਿਸ਼ਤਵਾੜ ਦੇ ਸੀਨੀਅਰ ਪੁਲਿਸ ਕਪਤਾਨ ਡਾ. ਹਰਮੀਤ ਸਿੰਘ ਵੀ ਸਨ।
ਉੱਚ ਅਧਿਕਾਰੀਆਂ ਨੇ ਦੱਸਿਆ ਕਿ ਹਿਜ਼ਬੁਲ ਮੁਜਾਹਿਦੀਨ ਅੱਤਵਾਦੀ ਸਮੂਹ ਦੇ ਬੈਨਰ ਹੇਠ ਡੋਡਾ ਜ਼ਿਲ੍ਹੇ ਵਿੱਚ ਮੁਹੰਮਦ ਅਮੀਨ ਉਰਫ਼ ਜਹਾਂਗੀਰ ਸਰੋਦੀ, ਓਸਾਮਾ, ਨਸੀਰ ਅਹਿਮਦ ਸ਼ੇਖ ਅਤੇ ਹੋਰਾਂ ਦਰਮਿਆਨ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਦੀ ਸਾਲ 2016-17 ਵਿੱਚ ਸਾਜਿਸ਼ ਰਚੀ ਗਈ ਸੀ।
ਹੁਣ ਤੱਕ ਤਿੰਨ ਅੱਤਵਾਦੀਆਂ- ਨਿਸਾਰ ਅਹਿਮਦ ਸ਼ੇਖ, ਨਿਸ਼ਾਦ ਅਹਿਮਦ ਅਤੇ ਅਜਾਗ ਹੁਸੈਨ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਹਾਲਾਂਕਿ ਸੁਰੱਖਿਆ ਬਲ ਹੋਰ ਫ਼ਰਾਰ ਅੱਤਵਾਦੀਆਂ ਦੀ ਭਾਲ ਕਰ ਰਹੇ ਹਨ। ਆਈਜੀਪੀ ਨੇ ਹਾਲਾਂਕਿ ਕਿਹਾ ਕਿ ਇਸ ਵੇਲੇ ਜੰਮੂ ਖੇਤਰ ਵਿੱਚ ਖ਼ਾਸਕਰ ਡੋਡਾ-ਕਿਸ਼ਤਵਾੜ-ਰਾਮਬਨ ਰੇਂਜ ਵਿੱਚ ਛੇ ਅੱਤਵਾਦੀ ਸਰਗਰਮ ਹਨ।