ਭਾਰਤ-ਚੀਨ ਸਰਹੱਦ ਵਿਵਾਦ 'ਤੇ ਲੈਫ਼ਟੀਨੈਂਟ ਜਨਰਲ ਪੱਧਰੀ ਗੱਲਬਾਤ 'ਚ ਭਾਰਤ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਹੈ ਕਿ ਅਪ੍ਰੈਲ 2020 ਵਰਗੇ ਹਾਲਾਤ ਸਰਹੱਦ 'ਤੇ ਕਾਇਮ ਹੋਣ। ਗੱਲਬਾਤ ਦੌਰਾਨ ਭਾਰਤ ਨੇ ਚੀਨੀ ਫ਼ੌਜ ਨੂੰ ਪਿੱਛੇ ਹਟਣ ਲਈ ਕਿਹਾ ਹੈ। ਇਸ ਦੇ ਨਾਲ ਹੀ ਭਾਰਤ ਨੇ ਸਰਹੱਦ 'ਤੇ ਸੜਕ ਨਿਰਮਾਣ ਨੂੰ ਰੋਕਣ ਦੀ ਚੀਨ ਦੀ ਮੰਗ ਨੂੰ ਵੀ ਖ਼ਾਰਜ ਕਰ ਦਿੱਤਾ ਹੈ। ਭਾਰਤ ਵੱਲੋਂ ਗੱਲਬਾਤ ਦੀ ਅਗਵਾਈ ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਨੇ ਕੀਤੀ।
ਚੀਨੀ ਸਰਹੱਦ ਦੇ ਅਧੀਨ ਮੋਲਡੋ ਚੁਸ਼ੂਲ 'ਚ ਹੋਈ ਗੱਲਬਾਤ ਲਗਭਗ 5 ਘੰਟੇ ਚਲੀ। ਇਸ 'ਚ ਕੋਈ ਨਤੀਜਾ ਤਾਂ ਨਹੀਂ ਨਿਕਲਿਆ, ਪਰ ਦੋਹਾਂ ਧਿਰਾਂ ਨੇ ਆਪਣੀ ਮੰਗ ਇੱਕ-ਦੂਜੇ ਦੇ ਸਾਹਮਣੇ ਰੱਖੀ ਹੈ। ਸੂਤਰਾਂ ਮੁਤਾਬਕ ਗੱਲਬਾਤ ਸਕਾਰਾਤਮਕ ਮਾਹੌਲ 'ਚ ਖ਼ਤਮ ਹੋਈ। ਇਸ ਨਾਲ ਅੱਗੇ ਗੱਲਬਾਤ ਦਾ ਰਾਹ ਖੁੱਲ੍ਹ ਗਿਆ ਹੈ।
ਮੰਨਿਆ ਜਾਂਦਾ ਹੈ ਕਿ ਭਾਰਤ ਨੇ ਪੈਂਗੋਂਗ, ਗਲਵਾਨ ਵੈਲੀ 'ਚ ਚੀਨੀ ਫ਼ੌਜਾਂ ਅਤੇ ਉਨ੍ਹਾਂ ਵੱਲੋਂ ਬਣਾਏ ਗਏ ਕੈਂਪਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ। ਭਾਰਤ ਚਾਹੁੰਦਾ ਹੈ ਕਿ ਅਪ੍ਰੈਲ 2020 ਦੀ ਸਥਿਤੀ ਸਰਹੱਦ 'ਤੇ ਲਾਗੂ ਹੋਵੇ। ਖ਼ਾਸ ਤੌਰ 'ਤੇ ਪੈਂਗੋਗ ਇਲਾਕੇ 'ਚ ਚੀਨੀ ਫ਼ੌਜ ਦੀ ਮੌਜੂਦਗੀ ਨੂੰ ਲੈ ਕੇ ਭਾਰਤ ਨੂੰ ਇਤਰਾਜ਼ ਹੈ। ਭਾਰਤ ਚਾਹੁੰਦਾ ਹੈ ਕਿ ਫਿੰਗਰ-4 'ਚ ਮੌਜੂਦ ਚੀਨੀ ਫ਼ੌਜ ਪਿੱਛੇ ਹਟ ਜਾਵੇ, ਜਦਕਿ ਚੀਨ ਨੇ ਭਾਰਤ ਨੂੰ ਸਰਹੱਦ 'ਤੇ ਸੜਕ ਨਿਰਮਾਣ ਬੰਦ ਕਰਨ ਲਈ ਕਿਹਾ ਹੈ।
ਹੁਣ ਸਾਰਿਆਂ ਦੀਆਂ ਨਜ਼ਰਾਂ ਇੱਕ ਵਾਰ ਫਿਰ ਕੂਟਨੀਤਕ ਕਵਾਇਦ 'ਤੇ ਟਿਕ ਗਈਆਂ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਫ਼ੌਜੀ ਅਤੇ ਕੂਟਨੀਤਕ ਪੱਧਰ 'ਤੇ ਗੱਲਬਾਤ ਜਾਰੀ ਰਹੇਗੀ। ਦੋਵਾਂ ਦੇਸ਼ਾਂ ਵਿਚਾਲੇ ਲੈਫਟੀਨੈਂਟ ਜਨਰਲ ਪੱਧਰ ਦੀ ਗੱਲਬਾਤ ਨੂੰ ਸੁਲ੍ਹਾ ਕਰਵਾਉਣ ਦੀ ਇੱਕ ਵੱਡੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਗੱਲਬਾਤ ਜਾਰੀ ਰੱਖਣਾ ਤਣਾਅ ਘੱਟ ਕਰਨ ਦਾ ਸੰਕੇਤ ਹੈ, ਪਰ ਸਮੱਸਿਆ ਦੇ ਹੱਲ ਲਈ ਸਮਾਂ ਲੱਗ ਸਕਦਾ ਹੈ। ਇਸ ਸਮੇਂ ਚੀਨ ਅਤੇ ਭਾਰਤ ਦੀਆਂ ਫ਼ੌਜਾਂ ਆਹਮੋ-ਸਾਹਮਣੇ ਖੜ੍ਹੀਆਂ ਹਨ।