ਭਾਰਤੀ ਸਬਜ਼ੀ ਖੋਜ ਸੰਸਥਾਨ ਨੇ 23 ਸਾਲਾਂ ਦੀ ਖੋਜ–ਭਰਪੂਰ ਮਿਹਨਤ ਤੋਂ ਬਾਅਦ ਆਖ਼ਰ ਭਿੰਡੀ ਦੀ ਨਵੀਂ ਪ੍ਰਜਾਤੀ ‘ਕਾਸ਼ੀ ਲਾਲਿਮਾ’ ਵਿਕਸਤ ਕਰ ਲਈ ਹੈ। ਲਾਲ ਰੰਗ ਦੀ ਇਹ ਭਿੰਡੀ ਐਂਟੀ–ਆਕਸੀਡੈਂਟ, ਲੋਹੇ ਤੇ ਕੈਲਸ਼ੀਅਮ ਜਿਹੇ ਪੋਸ਼ਕ ਤੱਤਾਂ ਨਾਲ ਭਰਪੂਰ ਹੈ।
ਉੱਤਰ ਪ੍ਰਦੇਸ਼ ’ਚ ਵਾਰਾਨਸੀ ਵਿਖੇ ਸਥਿਤ ਭਾਰਤੀ ਸਬਜ਼ੀ ਖੋਜ ਸੰਸਥਾਨ (IIVR – ਇੰਡੀਅਨ ਇੰਸਟੀਚਿਊਟ ਆੱਫ਼ ਵੈਜੀਟੇਬਲ ਰੀਸਰਚ) ਨੇ ਆਪਣੀ ਇਸ ਕਾਮਯਾਬੀ ਨੂੰ ਖ਼ਾਸ ਦੱਸਿਆ ਹੈ। ਲਾਲ ਰੰਗ ਦੀ ਭਿੰਡੀ ਹੁਣ ਤੱਕ ਪੱਛਮੀ ਦੇਸ਼ਾਂ ਵਿੱਚ ਵੱਧ ਵਰਤੀ ਜਾਂਦੀ ਰਹੀ ਹੈ ਤੇ ਭਾਰਤ ਵਿੱਚ ਇਸ ਨੂੰ ਦਰਾਮਦ ਕੀਤਾ ਜਾਂਦਾ ਰਿਹਾ ਹੈ।
ਇਸ ਭਿੰਡੀ ਦੀਆਂ ਕਿਸਮਾਂ ਦੀ ਕੀਮਤ 60 ਰੁਪਏ ਤੋਂ ਲੈ ਕੇ 100 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਹੈ ਤੇ ਕੁਝ ਦੇਸ਼ਾਂ ਵਿੱਚ ਤਾਂ ਇਸ ਦੀ ਕੀਮਤ 500 ਰੁਪਏ ਪ੍ਰਤੀ ਕਿਲੋਗ੍ਰਾਮ ਹੈ।
ਹੁਣ ਭਾਰਤੀ ਕਿਸਾਨ ਵੀ ਇਸ ਦਾ ਉਤਪਾਦਨ ਕਰ ਸਕਣਗੇ। ਵਾਰਾਨਸੀ ਸਥਿਤ ਸੰਸਥਾਨ ਵੱਲੋਂ ਇਸ ਲਾਲ ਭਿੰਡੀ ਦਾ ਬੀਜ ਕਿਸਾਨਾਂ ਨੂੰ ਆਉਂਦੇ ਦਸੰਬਰ ਮਹੀਨੇ ਤੋਂ ਉਪਲਬਧ ਕਰਵਾਇਆ ਜਾਵੇਗਾ। ਪੋਸ਼ਕ ਤੱਤਾਂ ਨਾਂਲ ਭਰਪੂਰ ਇਸ ਭਿੰਡੀ ਦੇ ਉਤਪਾਦਨ ਤੋਂ ਭਾਰਤੀ ਕਿਸਾਨਾਂ ਨੂੰ ਲਾਭ ਪੁੱਜੇਗਾ।
ਭਾਰਤੀ ਸਬਜ਼ੀ ਖੋਜ ਸੰਸਥਾਨ ਦੇ ਸਾਬਕਾ ਡਾਇਰੈਕਟਰ ਡਾ. ਬਿਜੇਂਦਰ ਦੀ ਅਗਵਾਈ ਹੇਠ ਲਾਲ ਭਿੰਡੀ ਦੀ ਪ੍ਰਜਾਤੀ ਉੱਤੇ 1995–96 ’ਚ ਹੀ ਕੰਮ ਸ਼ੁਰੂ ਹੋ ਗਿਆ ਸੀ। ਉਨ੍ਹਾਂ ਦੇ ਦਿਸ਼ਾ–ਨਿਰਦੇਸ਼ਾਂ ਹੇਠ ਹੀ ਭਿੰਡੀ ਦਾ ਵਿਕਾਸ ਸ਼ੁਰੂ ਹੋਇਆ ਸੀ।
ਇਸ ਭਿੰਡੀ ਦਾ ਰੰਗ ਬੈਂਗਣੀ–ਲਾਲ ਹੈ। ਇਸ ਦੀ ਲੰਬਾਈ 11 ਤੋਂ 14 ਸੈਂਟੀਮੀਟਰ ਹੈ।