ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ ਅੱਜ ਨਵੀਂ ਦਿੱਲੀ ਵਿੱਚ ਵੈਬੀਨਾਰ ਰਾਹੀਂ ਦੇਸ਼ ਭਰ ਦੇ ਅਧਿਆਪਕਾਂ ਨਾਲ ਗੱਲਬਾਤ ਕਰਦੇ ਹੋਏ ‘ਆਚਾਰਿਆ ਦੇਵੋ ਭਵ’ ਦਾ ਸੰਦੇਸ਼ ਦਿੱਤਾ। ਮੰਤਰੀ ਨੇ ਵਿਦਿਆਰਥੀਆਂ ਅਤੇ ਸਮਾਜ ਵਿਚਕਾਰ ਵੱਡੇ ਪੇਮਾਨੇ ’ਤੇ ਕੋਵਿਡ-19 ਨਾਲ ਸਬੰਧਿਤ ਜਾਗਰੂਕਤਾ ਫੈਲਾਉਣ ਲਈ ਸਾਰੇ ਅਧਿਆਪਕਾਂ ਦਾ ਸ਼ੁਕਰੀਆ ਅਦਾ ਕੀਤਾ। ਵੱਡੀ ਸੰਖਿਆ ਵਿੱਚ ਅਧਿਆਪਕ ਵੈਬੀਨਾਰ ਵਿੱਚ ਸ਼ਾਮਲ ਹੋਏ ਅਤੇ ਕੇਂਦਰੀ ਮੰਤਰੀ ਤੋਂ ਸਵਾਲ ਵੀ ਪੁੱਛੇ।
ਕੇਂਦਰੀ ਮੰਤਰੀ ਨੇ ਇਸ ਵੈਬੀਨਾਰ ਦੌਰਾਨ ਦੋ ਵੱਡੇ ਐਲਾਨ ਕੀਤੇ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਐੱਨਈਟੀ ਪ੍ਰੀਖਿਆ ਮਿਤੀ ਬਹੁਤ ਜਲਦੀ ਐਲਾਨ ਦਿੱਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਜਿਨ੍ਹਾਂ ਅਧਿਆਪਕਾਂ ਨੇ ਨਵੋਦਯ ਵਿਦਿਆਲਯ ਦੀ ਭਰਤੀ ਪ੍ਰਕਿਰਿਆ ਪੂਰੀ ਕਰ ਲਈ ਹੈ, ਉਨ੍ਹਾਂ ਨੂੰ ਲੌਕਡਾਊਨ ਦੇ ਬਾਅਦ ਨਿਯੁਕਤੀ ਮਿਲੇਗੀ।
ਕੇਂਦਰੀ ਮੰਤਰੀ ਨੇ ਆਪਣੇ ਵੈਬੀਨਾਰ ਰਾਹੀਂ ਸਾਰੇ ਅਧਿਆਪਕਾਂ ਨੂੰ ਆਪਣੇ ਕਰਤੱਵਾਂ ਦਾ ਪਾਲਣ ਕਰਨ ਅਤੇ ਲੌਕਡਾਊਨ ਦੀ ਸਥਿਤੀ ਵਿੱਚ ਵੀ ਵਿਦਿਆਰਥੀਆਂ ਦਾ ਅਕਾਦਮਿਕ ਕਲਿਆਣ ਯਕੀਨੀ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਗੁਰੂ ਦਾ ਮਹੱਤਵ ਹਮੇਸ਼ਾ ਭਗਵਾਨ ਤੋਂ ਜ਼ਿਆਦਾ ਰਿਹਾ ਹੈ ਅਤੇ ਇਸ ਲਈ ਸਾਨੂੰ ਆਚਾਰਿਆ ਦੇਵੋ ਭਵ: ਦੀ ਭਾਵਨਾ ਰੱਖਦੇ ਹੋਏ ਅਧਿਆਪਕਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸੰਕਟ ਵਿੱਚ ਵੀ ਅਧਿਆਪਕਾਂ ਨੇ ਵੀ ਮੋਹਰੀ ਕਤਾਰ ਦੇ ਕਰਮਚਾਰੀਆਂ ਦੀ ਤਰ੍ਹਾਂ ਕੰਮ ਕੀਤਾ ਅਤੇ ਉਨ੍ਹਾਂ ਦੇ ਕੰਮ ਦੀ ਬਹੁਤ ਪ੍ਰਸ਼ੰਸਾ ਹੋਈ।
ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਦੇਸ਼ ਇਸ ਸਮੇਂ ਅਣਕਿਆਸੀ ਸਿਹਤ ਐਮਰਜੈਂਸੀ ਤੋਂ ਗੁਜ਼ਰ ਰਿਹਾ ਹੈ। ਇਹ ਹਰ ਕਿਸੇ ਲਈ ਇੱਕ ਮੁਸ਼ਕਿਲ ਸਮਾਂ ਹੁੰਦਾ ਹੈ ਜਿੱਥੇ ਮਾਤਾ-ਪਿਤਾ ਦੀਆਂ ਆਪਣੀਆਂ ਚਿੰਤਾਵਾਂ ਹੁੰਦੀਆਂ ਹਨ ਅਤੇ ਵਿਦਿਆਰਥੀਆਂ ਦੀਆਂ ਆਪਣੀਆਂ। ਇੱਕ ਅਧਿਆਪਕ ਦੀ ਜ਼ਿੰਮੇਵਾਰੀ ਵੱਡੀ ਹੁੰਦੀ ਹੈ ਕਿਉਂਕਿ ਉਹ ਇਕੱਠਾ ਕਈ ਬੱਚਿਆਂ ਦਾ ਮਾਤਾ-ਪਿਤਾ ਹੁੰਦਾ ਹੈ ਅਤੇ ਉਸਨੇ ਸਾਰਿਆਂ ਦੀ ਬਿਨਾਂ ਪੱਖਪਾਤ ਦੇ ਦੇਖਭਾਲ ਕਰਨੀ ਹੁੰਦੀ ਹੈ। ਦੇਸ਼ ਭਰ ਦੇ ਅਧਿਆਪਕਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਦਾ ਪਾਲਣ ਕੀਤਾ ਹੈ ਜੋ ਸ਼ਲਾਘਾਯੋਗ ਹੈ।
ਗੱਲਬਾਤ ਦੌਰਾਨ ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਅਧਿਆਪਕਾਂ ਵੱਲੋਂ ਕੀਤੇ ਗਏ ਯਤਨਾਂ ਕਾਰਨ ਦੇਸ਼ ਦੀ ਔਨਲਾਈਨ ਸਿੱਖਿਆ ਪ੍ਰਣਾਲੀ ਸਫਲ ਸਾਬਤ ਹੋਈ ਹੈ। ਕਈ ਅਧਿਆਪਕ ਤਕਨਾਲੋਜੀ ਦੇ ਮਾਹਿਰ ਨਹੀਂ ਸਨ, ਪਰ ਫਿਰ ਵੀ ਉਨ੍ਹਾਂ ਨੇ ਵਿਦਿਆਰਥੀਆਂ ਲਈ ਖੁਦ ਨੂੰ ਸਿੱਖਿਅਤ ਕੀਤਾ ਅਤੇ ਔਨਲਾਈਨ ਸਿੱਖਿਆ ਵਿੱਚ ਯੋਗਦਾਨ ਦਿੱਤਾ। ਸੰਕਟ ਕਾਲ ਨੇ ਇਹ ਪੱਕਾ ਕੀਤਾ ਹੈ ਕਿ ਜੇਕਰ ਦੇਸ਼ ਦਾ ਅਧਿਆਪਕ ਮਜ਼ਬੂਤ ਅਤੇ ਜ਼ਿੰਮੇਵਾਰ ਹੈ ਤਾਂ ਉਹ ਦੇਸ਼ ਹਮੇਸ਼ਾ ਵਿਕਾਸ ਦੇ ਮਾਰਗ ’ਤੇ ਅੱਗੇ ਵਧੇਗਾ। ਕੇਂਦਰੀ ਮੰਤਰੀ ਨੇ ਕੋਰੋਨਾ ਵਾਇਰਸ ਕਾਰਨ ਦਿੱਲੀ ਵਿੱਚ ਪ੍ਰਾਇਮਰੀ ਸਕੂਲ ਦੇ ਇੱਕ ਅਧਿਆਪਕ ਦੀ ਮੌਤ ’ਤੇ ਵੀ ਦੁਖ ਪ੍ਰਗਟ ਕੀਤਾ।
ਸਕੂਲਾਂ ਨੂੰ ਲੌਕਡਾਊਨ ਤੋਂ ਬਾਅਦ ਖੋਲ੍ਹਣ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਮੰਤਰੀ ਨੇ ਦੱਸਿਆ ਕਿ ਸਕੂਲ ਪ੍ਰਸ਼ਾਸਨ ਅਤੇ ਅਧਿਆਪਕ ਵਿਭਿੰਨ ਪੱਧਰਾਂ ਜਿਵੇਂ ਕਿ ਸਕੂਲ ਪੱਧਰ ’ਤੇ ਸਾਰੇ ਹਿਤਧਾਰਕਾਂ ਦੀਆਂ ਵਿਸ਼ੇਸ਼ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਨੂੰ ਪਰਿਭਾਸ਼ਿਤ ਕਰਨ, ਸਿਹਤ ਅਤੇ ਸਵੱਛਤਾ ਅਤੇ ਹੋਰਾਂ ਨੂੰ ਪਰਿਭਾਸ਼ਿਤ ਕਰਨ ਅਤੇ ਸਥਾਪਿਤ ਕਰਨ ਦਾ ਕਾਰਜ ਕਰਨਗੇ। ਸੁਰੱਖਿਆ ਪ੍ਰੋਟੋਕਾਲ ਜਾਂ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਸਕੂਲਾਂ ਦੇ ਖੁੱਲ੍ਹਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਕੂਲ ਕੈਲੰਡਰ ਅਤੇ ਸਾਲਾਨਾ ਪਾਠ¬ਕ੍ਰਮ ਯੋਜਨਾਵਾਂ ਨੂੰ ਮੁੜ ਪਰਿਭਾਸ਼ਿਤ ਕਰਨਾ ਜਾਂ ਮੁੜ ਵਿਵਸਥਿਤ ਕਰਨਾ, ਲੌਕਡਾਊਨ ਦੌਰਾਨ ਘਰ ਤੋਂ ਸਕੂਲੀ ਸਿੱਖਿਆ ਪ੍ਰਾਪਤ ਕਰਨ ਅਤੇ ਰਸਮੀ ਸਕੂਲ ਸਿੱਖਿਆ ਪ੍ਰਾਪਤ ਕਰਨ ਅਤੇ ਵਿਦਿਆਰਥੀਆਂ ਦੇ ਭਾਵਨਾਤਮਕ ਕਲਿਆਣ ਨੂੰ ਯਕੀਨੀ ਕਰਨਾ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਸਕੂਲ ਇਹ ਯਕੀਨੀ ਕਰਨ ਲਈ ਚੈੱਕਲਿਸਟ ਤਿਆਰ ਕਰਨਗੇ ਤਾਂ ਕਿ ਕੁਝ ਵੀ ਕਰਨ ਤੋਂ ਨਾ ਰਹਿ ਜਾਵੇ। ਸੀਬੀਐੱਸਈ ਜਲਦੀ ਹੀ ਚੈੱਕਲਿਸਟ ਸਾਂਝੀ ਕਰਨ ਵਾਲਾ ਹੈ।
ਅਧਿਆਪਕਾਂ ਦੀਆਂ ਨਿਯੁਕਤੀਆਂ ’ਤੇ ਸਵਾਲ ਦਾ ਜਵਾਬ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਕੇਂਦਰੀ ਵਿਦਿਆਲਯ ਵਿੱਚ 8000 ਤੋਂ ਜ਼ਿਆਦਾ ਨਿਯੁਕਤੀਆਂ ਗਤੀਆਂ ਗਈਆਂ ਹਨ ਅਤੇ ਲਗਭਗ 2500 ਨਿਯੁਕਤੀਆਂ ਨਵੋਦਯ ਵਿਦਿਆਲਯ ਵਿੱਚ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀਆਂ ਵਿੱਚ 12000 ਤੋਂ ਜ਼ਿਆਦਾ ਅਧਿਆਪਕ ਨਿਯੁਕਤ ਕੀਤੇ ਗਏ ਸਨ।
ਨਵੋਦਯ ਵਿਦਿਆਲਯ ਦੀ ਭਰਤੀ ਪ੍ਰਕਿਰਿਆ ਵਿੱਚ ਚੁਣੇ ਅਧਿਆਪਕਾਂ ਨੂੰ ਲੌਕਡਾਊਨ ਖਤਮ ਹੁੰਦੇ ਹੀ ਨਿਯੁਕਤੀ ਪੱਤਰ ਮਿਲ ਜਾਣਗੇ। ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਸਾਡੀ ਸਰਕਾਰ ਦਾ ਮੰਨਣਾ ਹੈ ਕਿ ਅਧਿਆਪਕਾਂ ਦੇ ਪਦ ਖਾਲੀ ਨਹੀਂ ਰੱਖੇ ਜਾਣੇ ਚਾਹੀਦੇ ਅਤੇ ਮੰਤਰਾਲਾ ਜਲਦੀ ਹੀ ਖਾਲੀ ਪਦਾਂ ਨੂੰ ਭਰਨ ਲਈ ਹਰ ਸੰਭਵ ਕਦਮ ਚੁੱਕ ਰਿਹਾ ਹੈ।
ਅਧਿਆਪਕਾਂ ਦੀ ਸਿਖਲਾਈ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਔਨਲਾਈਨ ਸਿੱਖਿਆ ਪ੍ਰਣਾਲੀ ਲਈ ਅਧਿਆਪਕਾਂ ਦੀ ਸਿਖਲਾਈ ਪੂਰੀ ਤੇਜੀ ਨਾਲ ਚੱਲ ਰਹੀ ਹੈ ਅਤੇ ਲੱਖਾਂ ਅਧਿਆਪਕ ਸਿਖਲਾਈ ਤੋਂ ਗੁਜ਼ਰ ਰਹੇ ਹਨ। ਪੰਡਿਤ ਮਦਨ ਮੋਹਨ ਮਾਲਵੀਆ ਨੈਸ਼ਨਲ ਮਿਸ਼ਨ ਆਨ ਟੀਚਰਜ਼ ਟਰੇਨਿੰਗ (ਪੀਐੱਮਐੱਮਐੱਮਐੱਨਐੱਮਟੀਟੀ), ਈ-ਲਰਨਿੰਗ ਸਰੋਤਾਂ ਦੇ ਉਪਯੋਗ ਲਈ ਅਧਿਆਪਕਾਂ ਦੀ ਸਿਖਲਾਈ ਦਾ ਆਯੋਜਨ ਕੀਤਾ ਜਾ ਰਿਹਾ ਹੈ। ਮੰਤਰੀ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਸਿਖਲਾਈ ਪ੍ਰੋਗਰਾਮਾਂ ਵਿੱਚ ਅਧਿਆਪਕਾਂ ਦੀ ਸ਼ਮੂਲੀਅਤ ਵਧੀ ਹੈ। ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਖੁਦ ਨੂੰ ਨਵੀਆਂ ਤਕਨੀਕਾਂ ਨਾਲ ਜੋੜਨ ਦੀ ਇੱਛਾ ਪ੍ਰਗਟਾਈ ਹੈ।
ਸੈਸ਼ਨ ਦਾ ਸਮਾਪਨ ਕਰਦੇ ਹੋਏ ਮੰਤਰੀ ਨੇ ਸਮਾਜਿਕ ਦੂਰੀ ਦੇ ਦਿਸ਼ਾ ਨਿਰਦੇਸ਼ਾਂ ਆਦਿ ਨਾਲ ਸਬੰਧਿਤ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨ ਲਈ ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ ਅਤੇ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨ ਲਈ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਪ੍ਰੇਰਿਤ ਕੀਤਾ। ਮੰਤਰੀ ਨੇ ਅਧਿਆਪਕਾਂ ਨੂੰ ਕੋਵਿਡ-19 ਦੇ ਖਿਲਾਫ਼ ਇਸ ਯੁੱਧ ਵਿੱਚ ਪੂਰੀ ਇਮਾਨਦਾਰੀ ਨਾਲ ਭਾਗ ਲੈਣ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਸਾਰੇ ਅਧਿਆਪਕਾਂ ਨੂੰ ਸਿੱਖਿਆ ਨਾਲ ਸਬੰਧਿਤ ਕਿਸੇ ਵੀ ਮਹੱਤਵਪੂਰਨ ਮੁੱਦੇ ’ਤੇ ਆਪਣੇ ਸੁਝਾਅ ਟਵਿੱਟਰ ਅਤੇ ਫੇਸਫੁੱਕ ’ਤੇ ਭੇਜਣ ਦੀ ਤਾਕੀਦ ਕੀਤੀ।