ਰਿਮਸ ਦੇ ਪੇਇੰਗ ਵਾਰਡ ’ਚ ਭਰਤੀ ਲਾਲੂ ਪ੍ਰਸਾਦ ਯਾਦਵ ਨੇ ਚੋਣ ਨਤੀਜੇ ਐਲਾਨੇ ਜਾਣ ਤੋਂ ਬਾਅਦ ਜਿੱਥੇ ਖਾਣਾ ਲਗਭਗ ਛੱਡ ਦਿੱਤਾ ਹੈ, ਉੱਥੇ ਉਹ ਠੀਕ ਤਰ੍ਹਾਂ ਸੌਂ ਵੀ ਨਹੀਂ ਰਹੇ। ਉਹ ਕਿਸੇ ਤਰ੍ਹਾਂ ਸਵੇਰ ਦਾ ਖਾਣਾ ਤਾਂ ਖਾ ਲੈਂਦੇ ਹਨ ਪਰ ਦੁਪਹਿਰ ਦਾ ਖਾਣਾ ਉਹ ਨਹੀਂ ਲੈ ਰਹੇ। ਇਸ ਕਾਰਨ ਉਨ੍ਹਾਂ ਨੂੰ ਇਨਸੁਲਿਨ ਦੇਣ ਵਿੱਚ ਪਰੇਸ਼ਾਨੀ ਹੋ ਰਹੀ ਹੈ।
ਰਿਮਸ ’ਚ ਲਾਲੂ ਪ੍ਰਸਾਦ ਯਾਦਵ ਦਾ ਇਲਾਜ ਕਰ ਰਹੇ ਪ੍ਰੋ. ਡਾ. ਉਮੇਸ਼ ਪ੍ਰਸਾਦ ਨੇ ਦੱਸਿਆ ਕਿ ਸੰਭਵ ਹੈ ਕਿ ਤਣਾਅ ਕਾਰਨ ਅਜਿਹੀ ਹਾਲਤ ਹੈ।
ਅੱਜ ਸਨਿੱਚਰਵਾਰ ਨੂੰ ਡਾ. ਉਮੇਸ਼ ਪ੍ਰਸਾਦ ਨੇ ਲਾਲੂ ਪ੍ਰਸਾਦ ਯਾਦਵ ਨੂੰ ਬਹੁਤ ਸਮਝਾਇਆ ਕਿ ਅਜਿਹਾ ਕਰਨਾ ਉਨ੍ਹਾਂ ਦੀ ਸਿਹਤ ਲਈ ਠੀਕ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਮੇਂ ਸਿਰ ਖਾਣਾ ਤੇ ਦਵਾਈ ਲੈਣਾ ਕਾਫ਼ੀ ਜ਼ਰੂਰੀ ਹੈ। ਜੇ ਉਹ ਸਮੇਂ ਸਿਰ ਖਾਣਾ ਨਹੀਂ ਖਾਣਗੇ, ਤਾਂ ਸਮੇਂ ਨਾਲ ਦਵਾਈ ਨਹੀਂ ਦਿੱਤੀ ਜਾ ਸਕੇਗੀ; ਜਿਸ ਦਾ ਮਾੜਾ ਅਸਰ ਸਿਹਤ ਉੱਤੇ ਪੈ ਸਕਦਾ ਹੈ।
ਡਾ. ਪ੍ਰਸਾਦ ਨੇ ਦੱਸਿਆ ਕਿ ਸਨਿੱਚਰਵਾਰ ਨੂੰ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਤੇ ਸ਼ੂਗਰ ਵੀ ਠੀਕ ਹੀ ਸੀ ਪਰ ਅਜਿਹੀ ਸਥਿਤੀ ਬਣੀ ਰਹੀ, ਤਾਂ ਕੁਝ ਕਿਹਾ ਨਹੀਂ ਜਾ ਸਕਦਾ।
ਇੱਥੇ ਵਰਨਣਯੋਗ ਹੈ ਕਿ ਵੀਰਵਾਰ, 23 ਮਈ ਨੂੰ ਲਾਲੂ ਪ੍ਰਸਾਦ ਯਾਦਵ ਸਵੇਰੇ ਅੱਠ ਵਜੇ ਤੋਂ ਹੀ ਟੀਵੀ ਵੇਖ ਰਹੇ ਸਨ ਪਰ ਜਿਵੇਂ–ਜਿਵੇਂ ਚੋਣ ਨਤੀਜੇ ਆਉਣ ਲੱਗੇ, ਤਾਂ ਉਨ੍ਹਾਂ ਦੀ ਉਦਾਸੀ ਵਧਦੀ ਚਲੀ ਗਈ। ਦੁਪਹਿਰ ਇੱਕ ਵਜੇ ਤੱਕ ਉਹ ਟੀਵੀ ਬੰਦ ਕਰ ਕੇ ਸੌਂ ਗਏ।