ਜੰਮੂ–ਕਸ਼ਮੀਰ ਦੇ ਵੱਡੇ ਇਲਾਕੇ ਵਿੱਚ ਲੈਂਡ–ਲਾਈਨ ਫ਼ੋਨ ਸੇਵਾ ਬਹਾਲ ਕਰ ਦਿੱਤੀ ਗਈ ਹੈ। ਦੱਖਣੀ ਕਸ਼ਮੀਰ ਦੇ ਅਨੰਤਨਾਗ, ਕੁਪਵਾੜਾ ਤੇ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹਿਆਂ ਵਿੱਚ ਮੋਬਾਇਲ ਫ਼ੋਨ ਦੀਆਂ ਘੰਟੀਆਂ ਵੀ ਵੱਜਣ ਲੱਗ ਪਈਆਂ ਹਨ।
ਜੰਮੂ–ਕਸ਼ਮੀਰ ’ਚੋਂ ਧਾਰਾ–370 ਦਾ ਖ਼ਾਤਮਾ ਹੋਇਆਂ ਨੂੰ ਅੱਜ ਪੂਰਾ ਇੱਕ ਮਹੀਨਾ ਹੋ ਗਿਆ ਹੈ ਪਰ ਉਸ ਤੋਂ ਇੱਕ ਦਿਨ ਪਹਿਲਾਂ ਹੀ 95 ਟੈਲੀਫ਼ੋਨ ਐਕਸਚੇਂਜਾਂ ਵਿੱਚੋਂ 76 ’ਚ ਲੈਂਡ–ਲਾਈਨ ਸੇਵਾਵਾਂ ਬਹਾਲ ਕੀਤੀਆਂ ਜਾ ਚੁੱਕੀਆਂ ਹਨ।
ਜ਼ਿਲ੍ਹਾ ਅਧਿਕਾਰੀ ਸ਼ਾਹਿਦ ਚੌਧਰੀ ਨੇ ਸੰਚਾਰ ਸੇਵਾਵਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਸ਼ਮੀਰ ਵਾਦੀ ਦੀਆਂ ਜ਼ਿਆਦਾ ਟੈਲੀਫ਼ੋਨ ਐਕਸਚੇਂਜਸ ਨੇ ਬੁੱਧਵਾਰ ਦੇਰ ਰਾਤ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇੰਝ ਹੀ ਮੋਬਾਇਲ ਸੇਵਾਵਾਂ ਵੀ ਬਹਾਲ ਹੋ ਜਾਣਗੀਆਂ।
ਇੱਥੇ ਵਰਨਣਯੋਗ ਹੈ ਕਿ ਪਿਛਲੇ ਮਹੀਨੇ ਪੰਜ ਅਗਸਤ ਨੂੰ ਕੇਂਦਰ ਵੱਲੋਂ ਧਾਰਾ–370 ਦੀਆਂ ਜ਼ਿਆਦਾਤਰ ਵਿਵਸਥਾਵਾਂ ਨੂੰ ਖ਼ਤਮ ਕਰਨ ਤੇ ਜੰਮੂ–ਕਸ਼ਮੀਰ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਣ ਦੇ ਫ਼ੈਸਲੇ ਦੇ ਬਾਅਦ ਤੋਂ ਹੀ ਕਸ਼ਮੀਰ ਵਾਦੀ ਵਿੱਚ ਮੋਬਾਇਲ ਤੇ ਇੰਟਰਨੈੱਟ ਸੇਵਾਵਾਂ ਬੰਦ ਚੱਲ ਰਹੀਆਂ ਸਨ।