ਰਾਜਸਥਾਨ ਦੇ ਸੀਕਰ ਵਿੱਚ ਬੁੱਧਵਾਰ ਨੂੰ ਦਿੱਲੀ ਪੁਲਿਸ ਦੇ ਹੈੱਡ ਕਾਂਸਟੇਬਲ ਰਤਨ ਲਾਲ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ, ਜਿਸ ਨੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਸਮਰਥਕਾਂ ਅਤੇ ਵਿਰੋਧੀਆਂ ਦਰਮਿਆਨ ਹੋਈ ਹਿੰਸਾ ਦੌਰਾਨ ਆਪਣੀ ਜਾਨ ਗਵਾ ਦਿੱਤੀ। 24 ਫਰਵਰੀ ਨੂੰ ਪੱਥਰਬਾਜ਼ੀ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ।
ਰਾਜਸਥਾਨ ਵਿੱਚ ਸੀਕਰ ਜ਼ਿਲ੍ਹੇ ਵਿੱਚ ਰਹਿਣ ਵਾਲੇ ਹੈੱਡ ਕਾਂਸਟੇਬਲ ਰਤਨ ਲਾਲ, ਜੋ ਕਿ ਦਿੱਲੀ ਵਿੱਚ ਹਿੰਸਾ ਵਿੱਚ ਮਾਰੇ ਗਏ, ਨੂੰ ਕੇਂਦਰ ਸਰਕਾਰ ਨੇ ਸ਼ਹੀਦ ਦਾ ਦਰਜਾ ਦਿੱਤਾ ਹੈ।
Rajasthan: Last rites ceremony of Delhi Police Head Constable Rattan Lal's being held in Sikar. He lost his life in the violence-hit North East Delhi on 24th February. pic.twitter.com/u67idES85L
— ANI (@ANI) February 26, 2020
ਸੀਕਰ ਦੇ ਸੰਸਦ ਮੈਂਬਰ ਨੇ ਮੁਆਵਜ਼ੇ ਦਾ ਐਲਾਨ ਕੀਤਾ
ਸੀਕਰ ਵਿੱਚ ਇਹ ਜਾਣਕਾਰੀ ਦਿੰਦੇ ਹੋਏ ਸੀਕਰ ਦੇ ਸੰਸਦ ਮੈਂਬਰ ਸਵਾਮੀ ਸੁਮੇਧਾਨੰਦ ਸਰਸਵਤੀ ਨੇ ਕਿਹਾ ਕਿ ਦਿੱਲੀ ਪੁਲਿਸ ਵਿੱਚ ਹੈੱਡ ਕਾਂਸਟੇਬਲ ਰਤਨ ਲਾਲ ਦੀ ਪਤਨੀ ਨੂੰ ਇੱਕ ਸਰਕਾਰੀ ਨੌਕਰੀ, ਇੱਕ ਕਰੋੜ ਰੁਪਏ ਅਤੇ ਸ਼ਹੀਦ ਨੂੰ ਮਿਲਣ ਵਾਲੇ ਸਾਰੇ ਲਾਭ ਦਿੱਤੇ ਜਾਣਗੇ।
ਇਸ ਮੰਗ ਨੂੰ ਲੈ ਕੇ ਸ਼ਹੀਦ ਦੇ ਜੱਦੀ ਪਿੰਡ ਤਿਹਾਵਲੀ ਵਿੱਚ ਪਿੰਡ ਵਾਸੀ ਕੱਲ੍ਹ ਤੋਂ ਧਰਨੇ ਉੱਤੇ ਬੈਠੇ ਸਨ। ਉਧਰ ਇਸੇ ਮੰਗ ਨੂੰ ਲੈ ਕੇ ਹਜ਼ਾਰਾਂ ਪਿੰਡ ਵਾਸੀਆਂ ਨੇ ਫਤਿਹਪੁਰ ਮੰਡਵਾ ਸੜਕ ਜਾਮ ਕੀਤੀ ਸੀ।
ਅਮਿਤ ਸ਼ਾਹ ਨੇ ਰਤਨ ਲਾਲ ਦੀ ਪਤਨੀ ਨੂੰ ਲਿਖੀ ਚਿੱਠੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਦਿੱਲੀ ਵਿੱਚ ਹੋਈ ਹਿੰਸਾ ਵਿੱਚ ਮਾਰੇ ਗਏ ਦਿੱਲੀ ਪੁਲਿਸ ਦੇ ਹੈੱਡ ਕਾਂਸਟੇਬਲ ਰਤਨ ਲਾਲ ਦੀ ਪਤਨੀ ਨੂੰ ਸ਼ੋਕ ਪੱਤਰ ਲਿਖਿਆ ਅਤੇ ਕਿਹਾ ਕਿ ਸੋਗ ਦੀ ਇਸ ਘੜੀ ਵਿੱਚ ਪੂਰਾ ਦੇਸ਼ ਬਹਾਦਰ ਪੁਲਿਸ ਵਾਲੇ ਦੇ ਪਰਿਵਾਰ ਦੇ ਨਾਲ ਹੈ।
ਲਾਲ ਦੀ ਪਤਨੀ ਪੂਨਮ ਦੇਵੀ ਨੂੰ ਲਿਖੇ ਪੱਤਰ ਵਿੱਚ ਸ਼ਾਹ ਨੇ ਕਿਹਾ ਕਿ ਉਸ ਨੇ ਆਪਣਾ ਫਰਜ਼ ਨਿਭਾਉਂਦਿਆਂ ਸਰਵੋਤਮ ਕੁਰਬਾਨੀ ਦਿੱਤੀ ਹੈ। ਗ੍ਰਹਿ ਮੰਤਰੀ ਨੇ ਲਿਖਿਆ ਕਿ ਤੁਹਾਡਾ ਬਹਾਦਰ ਪਤੀ ਇਕ ਸਮਰਪਿਤ ਪੁਲਿਸ ਮੁਲਾਜ਼ਮ ਸੀ ਜਿਸ ਨੂੰ ਸਖ਼ਤ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਇਕ ਸੱਚੇ ਸਿਪਾਹੀ ਦੀ ਤਰ੍ਹਾਂ, ਉਸ ਨੇ ਇਸ ਦੇਸ਼ ਦੀ ਸੇਵਾ ਲਈ ਸਰਵਉੱਤਮ ਕੁਰਬਾਨੀ ਦਿੱਤੀ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਤੁਹਾਨੂੰ ਇਸ ਦੁੱਖ ਅਤੇ ਅਚਾਨਕ ਘਾਟੇ ਨੂੰ ਸਹਿਣ ਦੀ ਤਾਕਤ ਦੇਵੇ।