ਹਸਪਤਾਲਾਂ 'ਚ ਆਏ ਦਿਨ ਡਾਕਟਰਾਂ ਦੀਆਂ ਗਲਤੀਆਂ ਕਾਰਨ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਸੁਣਨ ਨੂੰ ਮਿਲਦੀਆਂ ਹਨ, ਜਿਸ ਵਿੱਚ ਕਈ ਵਾਰ ਮਰੀਜ਼ ਆਪਣੀ ਜਾਨ ਵੀ ਗੁਆ ਦਿੰਦਾ ਹੈ। ਇੰਨਾ ਹੀ ਨਹੀਂ ਆਪਣੀ ਗਲਤੀ ਨਾ ਮੰਨ ਕੇ ਡਾਕਟਰ ਉਸ ਗੱਲ ਨੂੰ ਪੂਰੀ ਤਰ੍ਹਾਂ ਨਕਾਰ ਦਿੰਦੇ ਹਨ। ਅਜਿਹਾ ਹੀ ਮਾਮਲਾ ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਦੇ ਲਾਵੜ ਇਲਾਕੇ 'ਚ ਸਾਹਮਣੇ ਆਇਆ। ਇੱਥੋਂ ਦੀ ਇੱਕ ਔਰਤ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਆਪ੍ਰੇਸ਼ਨ ਦੌਰਾਨ ਸੀ.ਐਚ.ਸੀ. ਦੇ ਡਾਕਟਰਾਂ ਵੱਲੋਂ ਮਰੀਜ਼ ਦੇ ਢਿੱਡ 'ਚ ਕੱਪੜਾ ਛੱਡ ਦਿੱਤਾ ਗਿਆ। ਉਨ੍ਹਾਂ ਨੂੰ ਇਸ ਗੱਲ ਦਾ ਪਤਾ ਅਲਟਰਾਸਾਊਂਡ ਕਰਵਾਉਣ ਤੋਂ ਬਾਅਦ ਲੱਗਿਆ।
ਜਾਣਕਾਰੀ ਮੁਤਾਬਿਕ ਲਾਵੜ ਦੇ ਮੁਹੱਲਾ ਪੁਰਾਣੀ ਟੈਂਕੀ ਵਾਸੀ ਔਰਤ ਨੇ ਦੱਸਿਆ ਕਿ ਦੌਰਾਲਾ ਕਮਿਊਨਿਟੀ ਸਿਹਤ ਕੇਂਦਰ 'ਚ ਕੁੱਝ ਦਿਨ ਪਹਿਲਾਂ ਉਸ ਦੀ ਡਿਲੀਵਰੀ ਹੋਈ ਸੀ। ਇਸ ਦੇ ਕੁੱਝ ਦਿਨ ਬਾਅਦ ਉਸ ਦੀ ਸਿਹਤ ਖਰਾਬ ਰਹਿਣ ਲੱਗੀ। ਪਰਿਵਾਰ ਨੇ ਉਸ ਦੇ ਢਿੱਡ ਦਾ ਅਲਟਰਾਸਾਊਂਡ ਕਰਵਾਇਆ ਤਾਂ ਢਿੱਡ ਅੰਦਰ ਕੱਪੜਾ ਹੋਣ ਬਾਰੇ ਪਤਾ ਲੱਗਿਆ।
ਪਰਿਵਾਰ ਉਸ ਨੂੰ ਲੈ ਕੇ ਦੌਰਾਲਾ ਸੀ.ਐਚ.ਸੀ. ਗਿਆ ਅਤੇ ਡਾਕਟਰ ਨੂੰ ਔਰਤ ਦਾ ਇਲਾਜ ਕਰਨ ਬਾਰੇ ਕਿਹਾ। ਦੋਸ਼ ਹੈ ਕਿ ਡਾਕਟਰ ਨੇ ਉਨ੍ਹਾਂ ਨੂੰ ਇਲਾਜ ਕਰਨ ਤੋਂ ਮਨਾ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਇਲਾਕੇ 'ਚ ਸਥਿਤ ਪ੍ਰਾਇਮਰੀ ਸਿਹਤ ਕੇਂਦਰ 'ਚ ਇਲਾਜ ਕਰਵਾਇਆ, ਜਿੱਥੇ ਡਾਕਟਰਾਂ ਨੇ ਆਪ੍ਰੇਸ਼ਨ ਕਰ ਕੇ ਔਰਤ ਦੇ ਢਿੱਡ 'ਚੋਂ ਕੱਪੜਾ ਕੱਢ ਲਿਆ। ਪੀੜ੍ਹਤ ਪਰਿਵਾਰ ਨੇ ਮਾਮਲੇ ਦੀ ਸ਼ਿਕਾਇਤ ਸੀਐਮਓ ਨੂੰ ਕੀਤੀ।
ਮੁੱਖ ਸਿਹਤ ਅਧਿਕਾਰੀ ਡਾ. ਰਾਜ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਾਮਲੇ ਦਾ ਨੋਟਿਸ ਲੈ ਕੇ ਸੀਐਚਸੀ 'ਚ ਤਾਇਨਾਤ ਡਾਕਟਰ ਤੋਂ ਜਾਣਕਾਰੀ ਲਈ ਪਰ ਫਿਲਹਾਲ ਡਾਕਟਰ ਨੇ ਅਜਿਹੀ ਕਿਸੇ ਘਟਨਾ ਤੋਂ ਇਨਕਾਰ ਕਰ ਦਿੱਤਾ। ਸੀਐਮਓ ਦਾ ਕਹਿਣਾ ਹੈ ਕਿ ਜੇ ਔਰਤ ਦੀ ਸ਼ਿਕਾਇਤ ਮਿਲੇਗੀ ਤਾਂ ਜਾਂਚ ਕਰਵਾਈ ਜਾਵੇਗੀ।