ਜੰਮੂ-ਕਸ਼ਮੀਰ ਦੀ ਸਥਿਤੀ ਵਿਚ ਹੋਏ ਸੁਧਾਰ ਤੋਂ ਬਾਅਦ ਬੁੱਧਵਾਰ ਨੂੰ ਜੰਮੂ ਚ ਸਾਰੇ ਰਾਜਨੀਤਿਕ ਨੇਤਾਵਾਂ ਦੀ ਘਰੇਲੂ ਗ੍ਰਿਫਤਾਰੀ ਖਤਮ ਹੋ ਗਈ ਹੈ। ਹਾਲਾਂਕਿ, ਕਸ਼ਮੀਰ ਘਾਟੀ ਚ ਆਗੂ ਹਾਲੇ ਵੀ ਨਜ਼ਰਬੰਦ ਹਨ।
ਨੈਸ਼ਨਲ ਕਾਨਫਰੰਸ, ਕਾਂਗਰਸ ਅਤੇ ਜੰਮੂ-ਕਸ਼ਮੀਰ ਨੈਸ਼ਨਲ ਪੈਂਥਰਜ਼ ਪਾਰਟੀ ਵਰਗੀਆਂ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਨੂੰ ਜੰਮੂ ਚ ਰਿਹਾ ਕਰ ਦਿੱਤਾ ਗਿਆ ਹੈ।
ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਰੱਦ ਕਰਨ ਤੋਂ ਬਾਅਦ 5 ਅਗਸਤ ਨੂੰ ਭਾਰਤ ਸਰਕਾਰ ਦੁਆਰਾ ਸਾਵਧਾਨੀ ਦੇ ਤੌਰ 'ਤੇ ਇਨ੍ਹਾਂ ਨੇਤਾਵਾਂ ਨੂੰ ਨਜ਼ਰਬੰਦ ਕੀਤਾ ਗਿਆ ਸੀ।
ਨੈਸ਼ਨਲ ਕਾਨਫਰੰਸ ਦੇ ਨੇਤਾ ਦੇਵੇਂਦਰ ਰਾਣਾ ਅਤੇ ਐਸਐਸ ਸਲਾਥੀਆ, ਕਾਂਗਰਸ ਨੇਤਾ ਅਤੇ ਸਾਬਕਾ ਮੰਤਰੀ ਰਮਨ ਭੱਲਾ ਅਤੇ ਪੈਂਥਰਸ ਪਾਰਟੀ ਦੇ ਨੇਤਾ ਹਰਸ਼ ਦੇਵ ਸਿੰਘ ਦੀ ਨਜ਼ਰਬੰਦੀ ਖ਼ਤਮ ਕਰ ਦਿੱਤੀ ਗਈ ਹੈ।
ਜੰਮੂ ਚ ਰਾਜਨੀਤਿਕ ਨੇਤਾਵਾਂ ਦੀ ਰਿਹਾਈ ਦਾ ਇਹ ਕਦਮ ਬਲਾਕ ਵਿਕਾਸ ਪਰਿਸ਼ਦ ਦੀਆਂ ਚੋਣਾਂ 24 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਚੁੱਕਿਆ ਗਿਆ ਹੈ।
ਸਾਬਕਾ ਮੰਤਰੀ ਰਮਨ ਭੱਲਾ ਨੇ ਕਿਹਾ ਕਿ ਪੁਲਿਸ ਨੇ ਸਾਨੂੰ ਦੱਸਿਆ ਕਿ ਹੁਣ ਕੋਈ ਨਜ਼ਰਬੰਦੀ ਨਹੀਂ ਹੈ, ਅਸੀਂ ਆਜ਼ਾਦ ਹਾਂ।
ਸੂਬੇ ਦਾ ਵਿਸ਼ੇਸ਼ ਰੁਤਬਾ ਵਾਪਸ ਲੈਣ ਅਤੇ ਇਸ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ ਚ ਵੰਡਣ ਤੋਂ ਬਾਅਦ ਤਕਰੀਬਨ 400 ਰਾਜਨੀਤਿਕ ਆਗੂਆਂ ਨੂੰ ਜਾਂ ਤਾਂ ਹਿਰਾਸਤ ਵਿਚ ਲਿਆ ਗਿਆ ਸੀ ਜਾਂ ਉਨ੍ਹਾਂ ਨੂੰ ਘਰ ’ਚ ਨਜ਼ਰਬੰਦ ਰੱਖਿਆ ਗਿਆ ਸੀ।
.