ਪਾਕਿਸਤਾਨ ਦੀ ਇੱਕ ਅਦਾਲਤ ਨੇ ਮੁਲਤਾਨ ਦੀ ਇੱਕ ਯੂਨੀਵਰਸਿਟੀ ਦੇ ਸਾਬਕਾ ਲੈਕਚਰਾਰ ਜੁਨੈਦ ਹਫ਼ੀਜ਼ ਨੂੰ ਈਸ਼–ਨਿੰਦਾ ਦੇ ਦੋਸ਼ ਅਧੀਨ ਮੌਤ ਦੀ ਸਜ਼ਾ ਸੁਣਾਈ ਹੈ।
‘ਡਾੱਨ ਨਿਊਜ਼’ ਦੀ ਰਿਪੋਰਟ ਮੁਤਾਬਕ ਮੁਲਤਾਨ ਦੀ ਬਹਾਉੱਦੀਨ ਜ਼ਕਰੀਆ ਯੂਨੀਵਰਸਿਟੀ ’ਚ ਅੰਗਰੇਜ਼ੀ ਸਾਹਿਤ ਵਿਭਾਗ ਦੇ ਸਾਬਕਾ ਗੈਸਟ ਲੈਕਚਰਾਰ ਜੁਨੈਦ ਹਾਫ਼ਿਜ਼ ਨੂੰ ਈਸ਼–ਨਿੰਦਾ ਦੇ ਦੋਸ਼ ਅਧੀਨ 13 ਮਾਰਚ, 2013 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ ਦੀ ਸੁਣਵਾਈ 2014 ’ਚ ਸ਼ੁਰੂ ਹੋਈ ਸੀ।
ਇਸ ਸਾਲ ਦੇ ਸ਼ੁਰੂ ’ਚ ਲੈਕਚਰਰ ਦੇ ਪਰਿਵਾਰਕ ਮੈਂਬਰਾਂ ਨੇ ਸਾਬਕਾ ਚੀਫ਼ ਜਸਟਿਸ ਆਸਿਫ਼ ਸਈਦ ਖੋਸਾ ਦੇ ਪੁੱਤਰ ਦੇ ਮਾਮਲੇ ’ਚ ਦਖ਼ਲ ਦੇਣ ਲਈ ਕਿਹਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪੁੱਤਰ ਨੂੰ ਬੀਤੇ ਛੇ ਸਾਲਾਂ ਤੋਂ ਈਸ਼–ਨਿੰਦਾ ਦੇ ਝੂਠੇ ਇਲਜ਼ਾਮ ਅਧੀਨ ਮੁਲਤਾਨ ਦੀ ਕੇਂਦਰੀ ਜੇਲ੍ਹ ਵਿੱਚ ਕੈਦ ਕਰ ਕੇ ਰੱਖਿਆ ਗਿਆ ਹੈ।
ਜੁਨੈਦ ਹਾਫ਼ਿਜ਼ ਦੇ ਪਹਿਲੇ ਵਕੀਲ ਰਾਸ਼ਿਦ ਰਹਿਮਾਨ ਦਾ ਉਨ੍ਹਾਂ ਦੇ ਦਫ਼ਤਰ ਵਿੱਚ ਮਈ 2014 ਦੌਰਾਨ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੇ ਜੇਲ੍ਹ ਵਿੱਚ ਬੰਦ ਰਹਿਣ ਦੌਰਾਨ ਲਗਭਗ 9 ਜੱਜਾਂ ਦਾ ਤਬਾਦਲਾ ਹੋ ਚੁੱਕਾ ਹੈ।
ਪਾਕਿਸਤਾਨ ਵਿੱਚ ਈਸ਼–ਨਿੰਦਾ ਦਾ ਅਪਰਾਧ ਬਹੁਤ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਪਰ ਇਸ ਦੀ ਦੁਰਵਰਤੋਂ ਦੀਆਂ ਖ਼ਬਰਾਂ ਵੀ ਆਮ ਸੁਣਨ ਨੂੰ ਮਿਲਦੀਆਂ ਹਨ। ਇਸ ਈਸ਼–ਨਿੰਦਾ ਕਾਨੂੰਨ ਦੀ ਵਰਤੋਂ ਆਮ ਤੌਰ ਉੱਤੇ ਪਾਕਿਸਤਾਨ ’ਚ ਘੱਟ ਗਿਣਤੀਆਂ ਨੂੰ ਐਂਵੇਂ ਝੂਠੇ ਮਾਮਲਿਆਂ ਵਿੱਚ ਫਸਾਉਣ ਲਈ ਕੀਤੀ ਜਾਂਦੀ ਰਹੀ ਹੈ।
ਜੁਨੈਦ ਹਫ਼ੀਜ਼ ਉੱਤੇ ਦੋਸ਼ ਸੀ ਕਿ ਉਸ ਨੇ ਆਪਣੀ ਇੱਕ ਫ਼ੇਸਬੁੱਕ ਪੋਸਟ ਰਾਹੀਂ ਹਜ਼ਰਤ ਮੁਹੰਮਦ ਸਾਹਿਬ ਬਾਰੇ ਕੁਝ ਮਾੜੀ ਟਿੱਪਣੀ ਕੀਤੀ ਸੀ।