ਪੱਛਮੀ ਗੜਬੜੀ ਕਾਰਨ ਪੰਜਾਬ ਸਮੇਤ ਸਮੁੱਚੇ ਉੱਤਰੀ ਭਾਰਤ ’ਚ ਅੱਜ ਮੀਂਹ ਪੈ ਰਿਹਾ ਹੈ ਤੇ ਪਹਾੜਾਂ ਉੱਤੇ ਬਰਫ਼ਬਾਰੀ ਹੋ ਰਹੀ ਹੈ। ਅੱਜ ਸਵੇਰੇ ਹੀ ਜੰਮੂ–ਕਸ਼ਮੀਰ, ਹਿਮਾਚਲ ਪ੍ਰਦੇਸ਼, ਲੱਦਾਖ਼ ’ਚ ਮੀਂਹ ਤੇ ਬਰਫ਼ਬਾਰੀ ਸ਼ੁਰੂ ਹੋ ਗਈ ਹੈ। ਇਸ ਦਾ ਅਸਰ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ’ਚ ਬੂੰਦਾ–ਬਾਂਦੀ ਦੇ ਰੂਪ ਵਿੱਚ ਵੇਖਣ ਨੂੰ ਮਿਲਿਆ ਹੈ।
ਮਾਹਿਰਾਂ ਮੁਤਾਬਕ ਮੀਂਹ ਕਾਰਨ ਕੋਰੋਨਾ ਵਾਇਰਸ ਦਾ ਖ਼ਤਰਾ ਵਧ ਸਕਦਾ ਹੈ। ਇਸ ਵੇਲੇ ਸਮੁੱਚੇ ਦੇਸ਼ ’ਚ ਹੀ ਇਸ ਵਾਇਰਸ ਦੀ ਦਹਿਸ਼ਤ ਪਾਈ ਜਾ ਰਹੀ ਹੈ। ਦੇਸ਼ ਵਿੱਚ ਹੁਣ ਤੱਕ ਇਸ ਵਾਇਰਸ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ 29 ਤੱਕ ਪੁੱਜ ਚੁੱਕੀ ਹੈ; ਜਿਨ੍ਹਾਂ ਵਿੱਚੋਂ 3 ਵਿਅਕਤੀ ਠੀਕ ਵੀ ਹੋ ਚੁੱਕੇ ਹਨ।
ਕੋਰੋਨਾ ਵਾਇਰਸ ਦਾ ਮੌਸਮ ਤੇ ਤਾਪਮਾਨ ਨਾਲ ਕੀ ਸਬੰਧ ਹੈ; ਇਸ ਬਾਰੇ ਹਾਲੇ ਕੋਈ ਬਹੁਤੀ ਵਿਗਿਆਨਕ ਜਾਣਕਾਰੀ ਉਪਲਬਧ ਨਹੀਂ ਹੈ। ਇਹ ਜਾਨਲੇਵਾ ਵਾਇਰਸ ਸਿਰਫ਼ ਦੋ ਮਹੀਨੇ ਪਹਿਲਾਂ ਹੀ ਹੋਂਦ ’ਚ ਆਇਆ ਹੈ। ਜ਼ੁਕਾਮ ਸਦਾ ਠੰਢ ’ਚ ਹੀ ਜ਼ਿਆਦਾ ਹੁੰਦਾ ਹੈ, ਗਰਮੀ ਦੇ ਮੌਸਮ ’ਚ ਇਹ ਰੋਗ ਘੱਟ ਵੇਖਣ ਨੁੰ ਮਿਲਦਾ ਹੇ।
ਮਾਹਿਰਾਂ ਮੁਤਾਬਕ ਇਸੇ ਲਈ ਜਦੋਂ ਮੀਂਹ ਆਦਿ ਕਾਰਨ ਠੰਢ ਵਧਦੀ ਹੈ, ਤਦ ਕੋਰੋਨਾ ਵਾਇਰਸ ਦਾ ਖ਼ਤਰਾ ਵੀ ਵਧ ਸਕਦਾ ਹੈ। ਕੋਰੋਨਾ ਵਾਇਰਸ (ਕੋਵਿਡ–19) ਡ੍ਰਾੱਪਲੈੱਟ ਨਾਲ ਵਧਣ ਵਾਲੀ ਬੀਮਾਰੀ ਹੈ ਕਿਉਂਕਿ ਨਿੱਛ ਮਾਰਨ ਜਾਂ ਖੰਘਣ ਤੋਂ ਬਾਅਦ ਇਸ ਦੇ ਕਣ ਹਵਾ ’ਚ ਖਿੰਡ ਜਾਂਦੇ ਹਨ। ਮੀਂਹ ਨਾਲ ਤਾਪਮਾਨ ਡਿੱਗਣ ਕਾਰਨ ਹਵਾ ’ਚ ਸਿੱਲ੍ਹ ਪੈਦਾ ਹੁੰਦੀ ਹੈ ਤੇ ਇਸ ਸਥਿਤੀ ’ਚ ਕੋਰੋਨਾ ਵਾਇਰਸ ਦੇ ਕਣ ਹਵਾ ’ਚ ਕੁਝ ਵਧੇਰੇ ਦੇਰ ਮੌਜੂਦ ਰਹਿ ਸਕਦੇ ਹਨ।
ਜਿਵੇਂ–ਜਿਵੇਂ ਧੁੱਪ ਵਧਦੀ ਹੈ, ਤਦ ਇਸ ਵਾਇਰਸ ਦੀ ਲਾਗ ਦੀ ਸੰਭਾਵਨਾ ਘਟਦੀ ਚਲੀ ਜਾਂਦੀ ਹੈ।
ਚੀਨ ਤੋਂ ਚੱਲਿਆ ਕੋਰੋਨਾ ਵਾਇਰਸ ਦਾ ਕਹਿਰ ਦੁਨੀਆ ਦੇ ਲਗਭਗ 75 ਦੇਸ਼ਾਂ ਨੂੰ ਆਪਣੀ ਲਪੇਟ ’ਚ ਲੈ ਚੁੱਕਾ ਹੈ। ਚੀਨ ’ਚ ਇਸ ਵਾਇਰਸ ਦੀ ਸ਼ੁਰੂਆਤ ਤਦ ਹੋਈ, ਜਦੋਂ ਉੱਥੇ ਕਾਫ਼ੀ ਠੰਢ ਸੀ। ਇਸ ਦੇ ਲੱਛਣ ਵੀ ਸਰਦੀ, ਖੰਘ ਤੇ ਬੁਖ਼ਾਰ ਵੀ ਆਮ ਤੌਰ ’ਤੇ ਠੰਢ ਦੇ ਮੌਸਮ ’ਚ ਹੀ ਦਿਸਦੇ ਹਨ।