ਪਿਛਲੇ ਢਾਈ ਮਹੀਨਿਆਂ (ਭਾਵ ਲਗਭਗ 75 ਦਿਨਾਂ) ਦੌਰਾਨ LIC (ਜੀਵਨ ਬੀਮਾ ਨਿਗਮ) ਨੂੰ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਤੋਂ 57,000 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਐੱਲਆਈਸੀ ਨੇ ਜਿਹੜੀਆਂ ਕੰਪਨੀਆਂ ਵਿੱਚ ਨਿਵੇਸ਼ ਕੀਤਾ ਹੈ, ਉਨ੍ਹਾਂ ਵਿੱਚ 81 ਫ਼ੀ ਸਦੀ ਦੇ ਬਾਜ਼ਾਰ ਮੁੱਲ ਵਿੱਚ ਗਿਰਾਵਟ ਆਈ ਹੈ।
ਸ਼ੇਅਰ ਬਾਜ਼ਾਰ ਵਿੱਚ ਐੱਲਆਈਸੀ ਨੂੰ ਹੋਏ ਨਿਵੇਸ਼ ਨਾਲ ਇਸ ਵਿੱਤੀ ਵਰ੍ਹੇ ਦੀ ਦੂਜੀ ਤਿਮਾਹੀ (ਜੁਲਾਈ ਤੋਂ ਸਤੰਬਰ ਵਿੱਚ ਹੁਣ ਤੱਕ) ਵਿੱਚ ਹੀ 57,000 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਐੱਲਆਈਸੀ ਨੇ ਸਭ ਤੋਂ ਵੱਧ ਆਈਟੀਸੀ ਵਿੱਚ ਨਿਵੇਸ਼ ਕੀਤਾ ਹੋਇਆ ਹੈ। ਉਸ ਤੋਂ ਬਾਅਦ ਸਟੇਟ ਬੈਂਕ ਆਫ਼ ਇੰਡੀਆ, ਓਐੱਨਜੀਸੀ, ਐੱਲਐਂਡਟੀ, ਕੋਲ ਇੰਡੀਆ, ਐੱਨਟੀਪੀਸੀ, ਇੰਡੀਅਨ ਆਇਲ ਤੇ ਰਿਲਾਇੰਸ ਇੰਡਸਟ੍ਰੀਜ਼ ਵਿੱਚ ਨਿਵੇਸ਼ ਹੈ।
ਜੂਨ ਵਾਲੀ ਤਿਮਾਹੀ ਦੇ ਅੰਤ ਤੱਕ ਸ਼ੇਅਰ ਬਾਜ਼ਾਰ ਵਿੱਚ ਸੂਚੀਬੱਧ ਕੰਪਨੀਆਂ ਵਿੱਚ ਐੱਲਆਈਸੀ ਦਾ ਨਿਵੇਸ਼ ਮੁੱਲ 5.43 ਲੱਖ ਕਰੋੜ ਰੁਪਏ ਦਾ ਸੀ ਪਰ ਹੁਣ ਇਹ ਘਟ ਕੇ ਸਿਰਫ਼ 4.86 ਲੱਖ ਕਰੋੜ ਰੁਪਏ ਰਹਿ ਗਿਆ ਹੈ। ਇਸ ਤਰ੍ਹਾਂ ਸਿਰਫ਼ ਢਾਈ ਮਹੀਨੇ ਐੱਲਆਈਸੀ ਦੇ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਾਰਨ 57,000 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ।
ਇੱਥੇ ਵਰਨਣਯੋਗ ਹੈ ਕਿ ਦੇਸ਼ ਦੇ ਕਰੋੜਾਂ ਲੋਕਾਂ ਦੀ ਕਮਾਈ ਦੇ ਦਮ ਉੱਤੇ ਲੱਖਾਂ ਕਰੋੜਾਂ ਰੁਪਏ ਦੇ ਮੋਟੇ ਖ਼ਜ਼ਾਨੇ ਉੱਤੇ ਬੈਠੀ ਭਾਰਤੀ ਜੀਵਨ ਬੀਮਾ ਨਿਗਮ (LIC) ਦੀ ਵਰਤੋਂ ਦੁਧਾਰੂ ਗਊ ਵਜੋ਼ ਹੁੰਦਾ ਰਿਹਾ ਹੈ। ਐੱਲਆਈਸੀ ਨੂੰ ਸਰਕਾਰ ਦਾ ਅਪਨਿਵੇਸ਼ ਏਜੰਡਾ ਪੂਰਾ ਕਰਨ ਲਈ ਸਰਕਾਰੀ ਕੰਪਨੀਆਂ ਦੇ ਮੁਕਤੀਦਾਤਾ ਵਾਂਗ ਵਰਤਿਆ ਜਾ ਰਿਹਾ ਹੈ।