ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ 3.0 ਅੱਜ ਤੋਂ ਲਾਗੂ, ਜਾਣੋ ਕਿਹੜੇ ਸੂਬੇ 'ਚ ਕੀ ਪਾਬੰਦੀ ਜਾਂ ਛੋਟ ਮਿਲੇਗੀ

ਕੋਰੋਨਾ ਵਾਇਰਸ ਦੀ ਰੋਕਥਾਮ ਲਈ ਮਾਰਚ ਦੇ ਅੰਤਮ ਦਿਨਾਂ ਤੋਂ ਲਾਗੂ ਕੀਤਾ ਗਿਆ ਦੇਸ਼ਪੱਧਰੀ ਲੌਕਡਾਊਨ ਦਾ ਤੀਜਾ ਗੇੜ ਅੱਜ 4 ਮਈ ਤੋਂ ਸ਼ੁਰੂ ਹੋ ਰਿਹਾ ਹੈ। ਕੇਂਦਰ ਸਰਕਾਰ ਨੇ ਦੇਸ਼ ਭਰ ਦੇ ਜ਼ਿਲ੍ਹਿਆਂ ਨੂੰ ਤਿੰਨ ਜ਼ੋਨਾਂ 'ਚ ਵੰਡਦਿਆਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਗ੍ਰੀਨ, ਓਰੇਂਜ ਅਤੇ ਰੈੱਡ ਜ਼ੋਨਾਂ 'ਚ ਵੰਡੇ ਗੇ ਜ਼ਿਲ੍ਹਿਆਂ 'ਚ ਕਈ ਛੋਟਾਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਬਹੁਤ ਸਾਰੇ ਸੂਬਿਆਂ ਨੇ ਪਿਛਲੇ ਦਿਨੀਂ ਕੁਝ ਖੇਤਰਾਂ ਨੂੰ ਛੋਟ ਦੇਣ ਅਤੇ ਕੁਝ ਖੇਤਰਾਂ 'ਤੇ ਪਾਬੰਦੀ ਲਗਾਉਣ ਦਾ ਐਲਾਨ ਵੀ ਕੀਤਾ ਹੈ।
 

ਪੰਜਾਬ :
ਕੇਂਦਰ ਸਰਕਾਰ ਨੇ ਆਪਣੀ ਸੂਚੀ 1 ਮਈ ਨੂੰ ਜਾਰੀ ਕੀਤੀ ਸੀ, ਉਸ ਸਮੇਂ ਪੰਜਾਬ ਦੇ ਸਿਰਫ਼ ਤਿੰਨ ਜ਼ਿਲ੍ਹੇ ਰੈੱਡ ਜ਼ੋਨ 'ਚ ਸਨ, ਪਰ ਹੁਣ ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਦੇ ਵਾਪਸ ਆਉਣ ਨਾਲ ਸੂਬੇ 'ਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਸੂਬੇ 'ਚ ਹੁਣ ਅਜਿਹਾ ਕੋਈ ਜ਼ਿਲ੍ਹਾ ਨਹੀਂ ਬਚਿਆ ਹੈ, ਜਿੱਥੇ ਕੋਈ ਕੋਰੋਨਾ ਸੰਕਰਮਿਤ ਮਰੀਜ਼ ਨਾ ਹੋਵੇ। ਪੰਜਾਬ 'ਚ ਕਰਫਿਊ ਵਿੱਚ ਦੁਕਾਨਾਂ ਖੋਲ੍ਹਣ ਦਾ ਸਮਾਂ ਸਵੇਰੇ 9 ਤੋਂ ਦੁਪਹਿਰ 1 ਵਜੇ ਤਕ ਵਧਾ ਦਿੱਤਾ ਗਿਆ ਹੈ। ਪਹਿਲਾਂ ਇਹ ਸਵੇਰੇ 7 ਤੋਂ ਸਵੇਰੇ 11 ਵਜੇ ਤਕ ਸੀ। ਟੋਲ ਪਲਾਜ਼ਾ ਵੀ ਅੱਜ ਤੋਂ ਸ਼ੁਰੂ ਹੋਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਮੌਜੂਦਾ ਸਮੇਂ ਰੈੱਡ ਤੇ ਕੰਟੇਨਮੈਂਟ ਜ਼ੋਨਾਂ 'ਚ ਕੋਈ ਰਿਆਇਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਬਗੈਰ ਮਾਸਕ ਦੇ ਘਰੋਂ ਬਾਹਰ ਘੁੰਮ ਰਹੇ ਲੋਕਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਦੇ ਚਲਾਨ ਕੱਟੇ ਜਾਣਗੇ।

 

ਦਿੱਲੀ :
ਦਿੱਲੀ 'ਚ ਸਾਰੇ ਸਰਕਾਰੀ ਅਤੇ ਗ਼ੈਰ-ਸਰਕਾਰੀ ਦਫ਼ਤਰ ਅੱਜ ਸੋਮਵਾਰ ਤੋਂ ਖੁੱਲ੍ਹਣਗੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਲੌਕਡਾਊਨ ਦੌਰਾਨ ਰੈੱਡ ਜ਼ੋਨ 'ਚ ਦਿੱਤੀਆਂ ਗਈਆਂ ਸਾਰੀਆਂ ਰਾਹਤਾਂ ਲਾਗੂ ਰਹਿਣਗੀਆਂ। ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਸਰਕਾਰੀ ਦਫ਼ਤਰਾਂ ਵਿੱਚ ਸਟਾਫ ਦੀ 100% ਮੌਜੂਦਗੀ ਰਹੇਗੀ। ਦੂਜੇ ਸਰਕਾਰੀ ਦਫ਼ਤਰ ਵਿੱਚ ਸਕੱਤਰ ਤੇ ਉਪ ਸਕੱਤਰ ਤੋਂ ਇਲਾਵਾ 33% ਮੁਲਾਜ਼ਮ ਹਾਜ਼ਰ ਹੋਣਗੇ। ਪ੍ਰਾਈਵੇਟ ਦਫ਼ਤਰ ਵੱਧ ਤੋਂ ਵੱਧ 33% ਮੁਲਾਜ਼ਮਾਂ ਦੀ ਮੌਜੂਦਗੀ ਨਾਲ ਖੋਲ੍ਹੇ ਜਾ ਸਕਦੇ ਹਨ। ਇਸ ਦੇ ਨਾਲ ਹੀ ਸਾਈਕਲ, ਰਿਕਸ਼ਾ, ਆਟੋ, ਰਿਕਸ਼ਾ, ਮੈਟਰੋ, ਬੱਸ ਸੇਵਾਵਾਂ 'ਤੇ ਪਾਬੰਦੀ ਰਹੇਗੀ। ਨਾਈ ਦੀ ਦੁਕਾਨ, ਸਪਾ, ਸੈਲੂਨ ਬੰਦ ਰਹਿਣਗੇ। ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਪ੍ਰੋਗਰਾਮਾਂ 'ਤੇ ਪਾਬੰਦੀ ਰਹੇਗੀ।

 

ਉੱਤਰ ਪ੍ਰਦੇਸ਼ :
ਯੂਪੀ 'ਚ ਰੈਡ ਤੇ ਓਰੇਂਜ ਜ਼ੋਨਾਂ ਵਿੱਚ 50 ਤੋਂ ਵੱਧ ਮੁਲਾਜ਼ਮਾਂ ਵਾਲੇ ਅਦਾਰੇ 'ਚ ਜਨਤਕ ਆਵਾਜਾਈ 'ਤੇ ਨਿਰਭਰਤਾ ਤੋਂ ਬਗੈਰ ਵਿਸ਼ੇਸ਼ ਆਵਾਜਾਈ ਸਹੂਲਤ ਦਿੱਤੀ ਜਾਵੇਗੀ। ਇਨ੍ਹਾਂ ਵਾਹਨਾਂ 'ਚ ਸਮਰੱਥਾ ਤੋਂ ਅੱਧੇ ਲੋਕ ਹੀ ਬੈਠਣਗੇ। ਕੰਮ ਵਾਲੀ ਥਾਂ 'ਤੇ ਥਰਮਲ ਸਕ੍ਰੀਨਿੰਗ ਹੋਵੇਗੀ। ਕੰਮ ਵਾਲੀ ਥਾਂ 'ਤੇ ਦੋਵਾਂ ਸ਼ਿਫਟਾਂ ਵਿਚਕਾਰ ਇੱਕ ਘੰਟੇ ਦਾ ਫ਼ਾਸਲਾ ਹੋਵੇਗਾ। ਸਟਾਫ਼ ਵੱਖ-ਵੱਖ ਬੈਠ ਕੇ ਖਾਣਾ ਖਾਣਗੇ। ਦੋ ਲੋਕ ਘੱਟੋ-ਘੱਟ 6 ਫੁੱਟ ਦੀ ਦੂਰੀ 'ਤੇ ਕੰਮ ਕਰਨਗੇ। 10 ਤੋਂ ਵੱਧ ਲੋਕਾਂ ਦੀਆਂ ਮੀਟਿੰਗਾਂ ਨਹੀਂ ਹੋਣਗੀਆਂ। ਲਿਫਟ 'ਚ ਚਾਰ ਤੋਂ ਵੱਧ ਦੀ ਮਨਜੂਰੀ ਨਹੀਂ ਹੋਵੇਗੀ। ਗੁਟਕਾ ਤੇ ਤਮਾਕੂ ਆਦਿ 'ਤੇ ਸਖਤ ਪਾਬੰਦੀ ਜਾਰੀ ਰਹੇਗੀ। ਥੁੱਕਣ ਦੀ ਵੀ ਮਨਾਹੀ ਹੈ।

 

ਬਿਹਾਰ :
ਬਿਹਾਰ ਦੇ ਗ੍ਰੀਨ ਤੇ ਓਰੇਂਜ ਜ਼ੋਨ 'ਚ ਸ਼ਾਮਿਲ 33 ਜ਼ਿਲ੍ਹਿਆਂ ਵਿੱਚ ਈ-ਕਾਮਰਸ ਤੋਂ ਕੋਈ ਵੀ ਚੀਜ਼ ਖਰੀਦੀ ਜਾ ਸਕਦੀ ਹੈ। ਉੱਥੇ ਹੀ ਰੈੱਡ ਜ਼ੋਨ 'ਚ ਸ਼ਾਮਲ ਪੰਜ ਜ਼ਿਲ੍ਹਿਆਂ ਵਿੱਚ ਸਿਰਫ਼ ਜ਼ਰੂਰੀ ਚੀਜ਼ਾਂ ਹੀ ਖਰੀਦੀਆਂ ਜਾ ਸਕਦੀਆਂ ਹਨ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਗ੍ਰੀਨ, ਓਰੇਂਜ ਤੇ ਰੈੱਡ ਜ਼ੋਨ 'ਚ ਕੀਤੀਆਂ ਜਾ ਸਕਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਅਨੁਸਾਰ ਤਿੰਨਾਂ ਜ਼ੋਨਾਂ ਵਿੱਚ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤਕ ਘਰ ਤੋਂ ਬਾਹਰ ਨਿਕਲਣ, ਬਜ਼ੁਰਗਾਂ ਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਬਾਹਰ ਨਿਕਲਣ 'ਤੇ ਪਾਬੰਦੀ ਜਾਰੀ ਰਹੇਗੀ। ਕੰਟੇਨਮੈਂਟ ਜ਼ੋਨ 'ਚ ਕੋਈ ਛੋਟ ਨਹੀਂ ਹੈ।

 

ਝਾਰਖੰਡ :
ਅਗਲੇ ਦੋ ਹਫ਼ਤਿਆਂ ਤਕ ਝਾਰਖੰਡ 'ਚ ਲੌਕਡਾਊਨ ਵਿੱਚ ਕੋਈ ਢਿੱਲ ਨਹੀਂ ਦਿੱਤੀ ਗਈ ਹੈ। ਮੁੱਖ ਮੰਤਰੀ ਹੇਮੰਤ ਸੋਰੇਨ ਨੇ ਕਿਹਾ ਹੈ ਕਿ ਅਗਲੇ ਦੋ ਹਫ਼ਤਿਆਂ ਤਕ ਸੂਬੇ ਵਿੱਚ ਸਥਿਤੀ ਜਿਉਂ ਦੀ ਤਿਉਂ ਰਹੇਗੀ। ਇਸ ਸਬੰਧ 'ਚ ਸੀਐਮ ਸੋਰੇਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ, "ਸਾਡੇ ਮਿਹਨਤੀ ਭਰਾ-ਭੈਣਾਂ, ਵਿਦਿਆਰਥੀਆਂ ਅਤੇ ਹੋਰ ਲੋਕ ਵੱਖ-ਵੱਖ ਸੂਬਿਆਂ ਤੋਂ ਆਪਣੇ ਘਰ ਆ ਰਹੇ ਹਨ।  ਦੇ ਘਰਾਂ ਆ ਰਹੇ ਹਨ। ਇਸ ਲਈ ਸਾਵਧਾਨੀ ਵਜੋਂ ਅਗਲੇ 2 ਹਫ਼ਤਿਆਂ ਲਈ ਝਾਰਖੰਡ 'ਚ ਲੌਕਡਾਊਨ ਜਾਰੀ ਰਹੇਗਾ। ਲੌਕਡਾਊਨ 'ਚ ਛੋਟ ਬਾਰੇ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਗਈਆਂ ਨਵੀਆਂ ਹਦਾਇਤਾਂ ਇਸ ਦੌਰਾਨ ਝਾਰਖੰਡ ਵਿੱਚ ਲਾਗੂ ਨਹੀਂ ਹੋਣਗੀਆਂ।

 

ਰਾਜਸਥਾਨ :
ਰਾਜਸਥਾਨ ਦੇ ਅੱਠ ਜ਼ਿਲ੍ਹੇ ਰੈੱਡ ਜ਼ੋਨ 'ਚ ਹਨ। ਰੈੱਡ ਜ਼ੋਨ 'ਚ ਮੋਬਾਈਲ, ਲੈਪਟਾਪ ਸਟੇਸ਼ਨਰੀ ਤੇ ਕਪੜਿਆਂ ਦੀਆਂ ਦੁਕਾਨਾਂ ਵੀ ਖੁੱਲ੍ਹਣਗੀਆਂ। ਰੈੱਡ ਜ਼ੋਨ ਵਿੱਚ ਓਪੀਡੀ ਅਤੇ ਮੈਡੀਕਲ ਕਲੀਨਿਕ ਖੋਲ੍ਹਣ ਦੀ ਸਹੂਲਤ ਵੀ ਦਿੱਤੀ ਗਈ ਹੈ। ਨਿਰਮਾਣ ਕਾਰਜਾਂ ਵਾਲੇ ਮਜ਼ਦੂਰ ਜੋ ਸਾਈਟ 'ਤੇ ਹਨ, ਪ੍ਰਾਈਵੇਟ ਦਫਤਰਾਂ ਵਿੱਚ 33 ਫ਼ੀਸਦੀ ਕਰਮਚਾਰੀ, ਈ-ਕਾਮਰਸ ਨੂੰ ਵੀ ਛੋਟ ਦਿੱਤੀ ਗਈ ਹੈ। ਲੌਕਡਾਊਨ-3 ਦੌਰਾਨ ਪਾਨ, ਗੁਟਖਾ ਅਤੇ ਤਮਾਕੂ ਉਤਪਾਦਾਂ ਦੀ ਵਿਕਰੀ 'ਤੇ ਪਾਬੰਦੀ ਜਾਰੀ ਰਹੇਗੀ। 

 

ਉਤਰਾਖੰਡ :
ਸਾਰੇ ਸਰਕਾਰੀ ਅਤੇ ਅਰਧ-ਸਰਕਾਰੀ ਦਫ਼ਤਰ ਸੋਮਵਾਰ ਤੋਂ ਉਤਰਾਖੰਡ ਵਿੱਚ ਖੁੱਲ੍ਹਣਗੇ. ਇਸ ਦੇ ਨਾਲ ਹੀ ਦੁਕਾਨਾਂ ਵੀ ਦੁਪਹਿਰ 1 ਦੀ ਬਜਾਏ ਸ਼ਾਮ 4 ਵਜੇ ਤਕ ਖੁੱਲ੍ਹੀਆਂ ਰਹਿਣਗੀਆਂ। ਰੈੱਡ ਜ਼ੋਨ ਵਾਲੇ ਜ਼ਿਲ੍ਹੇ 'ਚ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਦੁਪਹਿਰ 1 ਵਜੇ ਤੱਕ ਖੁੱਲ੍ਹਣਗੀਆਂ। ਦਫ਼ਤਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਖੁੱਲ੍ਹੇ ਰਹਿਣਗੇ।

 

ਜੰਮੂ ਕਸ਼ਮੀਰ :
ਕੇਂਦਰੀ ਸਿਹਤ ਮੰਤਰਾਲੇ ਨੇ ਕਸ਼ਮੀਰ ਦੇ ਸਿਰਫ਼ ਚਾਰ ਜ਼ਿਲ੍ਹਿਆਂ ਨੂੰ ਰੈੱਡ ਜ਼ੋਨ ਘੋਸ਼ਿਤ ਕੀਤਾ ਹੈ, ਪਰ ਅਧਿਕਾਰੀਆਂ ਨੇ ਸਨਿੱਚਰਵਾਰ ਨੂੰ ਕਿਹਾ ਸੀ ਕਿ ਪੂਰੀ ਘਾਟੀ ਨੂੰ ਰੈੱਡ ਜ਼ੋਨ ਵਜੋਂ ਵੇਖਿਆ ਜਾਵੇਗਾ ਅਤੇ ਜ਼ਰੂਰੀ ਮਾਮਲਿਆਂ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਕੋਈ ਛੋਟ ਦੀ ਮਨਜੂਰੀ ਨਹੀਂ ਹੈ।

 

ਮੇਘਾਲਿਆ :
ਮੇਘਾਲਿਆ ਸਰਕਾਰ ਨੇ 4 ਮਈ ਤੋਂ ਕਈ ਛੋਟਾਂ ਦੇਣ ਦਾ ਐਲਾਨ ਕੀਤਾ ਹੈ। ਇਸ 'ਚ ਅੱਧਾ ਕਰਫਿਊ ਹਟਾ ਦਿੱਤਾ ਗਿਆ ਹੈ। ਹੁਣ ਕਰਫਿਊ ਰਾਤ 7 ਵਜੇ ਤੋਂ ਸਵੇਰੇ 7 ਵਜੇ ਤਕ ਲਾਗੂ ਰਹੇਗਾ। ਉਪ ਮੁੱਖ ਮੰਤਰੀ ਨੇ ਸਮੀਖਿਆ ਬੈਠਕ ਤੋਂ ਬਾਅਦ ਕਿਹਾ ਕਿ ਜਨਤਕ ਅਤੇ ਧਾਰਮਿਕ ਇਕੱਠਾਂ 'ਤੇ ਰੋਕ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਨੂੰ 4 ਮਈ ਤੋਂ ਮੁੜ ਖੋਲ੍ਹਣ ਦੀ ਮਨਜੂਰੀ ਦਿੱਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lockdown 3 Guidlines Red Orange Green Zones District Wise What to Open and What to Close